Aadhaar Card: ਅੱਜਕੱਲ੍ਹ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਕਈ ਤਰ੍ਹਾਂ ਦੇ ਆਫਰ ਤੇ ਖ਼ਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਆਫਰ ਇਨੇ ਜ਼ਬਰਦਸਤ ਹੁੰਦੇ ਹਨ ਕਿ ਲੋਕ ਬਿਨਾਂ ਸੋਚੇ-ਸਮਝੇ ਉਨ੍ਹਾਂ 'ਤੇ ਭਰੋਸਾ ਕਰ ਲੈਂਦੇ ਹਨ। ਹਾਲ ਹੀ 'ਚ ਇੱਕ ਅਜਿਹਾ ਹੀ ਮੈਸੇਜ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਧਾਰ ਕਾਰਡ ਰਾਹੀਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਸਿਰਫ਼ 2% ਵਿਆਜ ਦਰ 'ਤੇ ਲੋਨ ਮਿਲੇਗਾ। ਇਹ ਸੁਣ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ, ਪਰ ਕੀ ਇਹ ਗੱਲ ਸਚ ਹੈ? ਆਓ ਜਾਣੀਏ ਇਸ ਦਾਅਵੇ ਦੀ ਅਸਲੀਅਤ।

ਵਾਇਰਲ ਮੈਸੇਜ 'ਚ ਕੀ ਦਾਅਵਾ ਕੀਤਾ ਜਾ ਰਿਹਾ ਹੈ?

ਸੋਸ਼ਲ ਮੀਡੀਆ ਅਤੇ ਵਟਸਐਪ ਵਰਗੇ ਪਲੇਟਫਾਰਮਾਂ 'ਤੇ ਹਾਲ ਹੀ ਵਿੱਚ ਇੱਕ ਫਰਜ਼ੀ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ ਆਧਾਰ ਕਾਰਡ ਰਾਹੀਂ ਸਿਰਫ਼ 2% ਸਾਲਾਨਾ ਵਿਆਜ ਦਰ 'ਤੇ ਲੋਨ ਦਿੱਤਾ ਜਾ ਰਿਹਾ ਹੈ। ਇਹ ਸੁਣਨ ਵਿੱਚ ਤਾਂ ਬਹੁਤ ਵਧੀਆ ਲੱਗਦਾ ਹੈ, ਪਰ ਪ੍ਰੈਸ ਇਨਫੋਰਮੇਸ਼ਨ ਬਿਊਰੋ (PIB) ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ।

PIB ਦੀ ਫੈਕਟ ਚੈੱਕ ਟੀਮ ਨੇ ਸਾਫ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਯੋਜਨਾ ਇਸ ਸਮੇਂ ਚਲਾਈ ਨਹੀਂ ਜਾ ਰਹੀ। ਇਹ ਮੈਸੇਜ ਲੋਕਾਂ ਨੂੰ ਫਸਾਉਣ ਲਈ ਬਣਾਇਆ ਗਿਆ ਹੈ, ਜਿਸ ਵਿੱਚ ਆਮ ਤੌਰ 'ਤੇ ਇੱਕ ਲਿੰਕ ਜਾਂ ਨੰਬਰ ਵੀ ਹੁੰਦਾ ਹੈ, ਜਿਸ ਰਾਹੀਂ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ।

PIB ਨੇ ਕਿਉਂ ਜਾਰੀ ਕੀਤੀ ਚੇਤਾਵਨੀ?

PIB ਨੇ ਸੋਸ਼ਲ ਮੀਡੀਆ 'ਤੇ ਆਪਣੇ ਸਰਕਾਰੀ ‘X’ (ਟਵਿੱਟਰ) ਹੈਂਡਲ ਰਾਹੀਂ ਇੱਕ ਪੋਸਟ ਜਾਰੀ ਕਰਕੇ ਦੱਸਿਆ ਕਿ ਇਹ ਮੈਸੇਜ ਝੂਠਾ ਹੈ। ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਕਿ ਜੇ ਕੋਈ ਵਿਅਕਤੀ ਅਜਿਹਾ ਫਰਜ਼ੀ ਮੈਸੇਜ ਵਿੱਚ ਦਿੱਤੇ ਗਏ ਲਿੰਕ ਜਾਂ ਫੋਨ ਨੰਬਰ 'ਤੇ ਸੰਪਰਕ ਕਰਦਾ ਹੈ, ਤਾਂ ਉਸ ਦੇ ਆਧਾਰ ਨੰਬਰ, ਪੈਨ ਕਾਰਡ, ਬੈਂਕ ਖਾਤੇ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਚੋਰੀ ਹੋ ਸਕਦੀਆਂ ਹਨ।

ਇਹ ਸਾਇਬਰ ਠੱਗੀ ਦਾ ਇੱਕ ਢੰਗ ਹੋ ਸਕਦਾ ਹੈ, ਜਿਸ ਰਾਹੀਂ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ PIB ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਐਸੇ ਮੈਸੇਜਾਂ 'ਤੇ ਤੁਰੰਤ ਭਰੋਸਾ ਨਾ ਕਰਨ ਅਤੇ ਬਿਨਾਂ ਜਾਂਚ-ਪੜਤਾਲ ਇਨ੍ਹਾਂ ਨੂੰ ਕਿਸੇ ਹੋਰ ਨਾਲ ਵੀ ਸਾਂਝਾ ਨਾ ਕਰਨ।

ਸਰਕਾਰ ਦੀ ਕੋਈ ਅਜਿਹੀ ਯੋਜਨਾ ਨਹੀਂ ਹੈ

ਸਰਕਾਰ ਵੱਲੋਂ ਵਾਰ-ਵਾਰ ਲੋਕਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਕਦੇ ਵੀ ਕਿਸੇ ਅਣਜਾਣ ਜਾਂ ਸ਼ੱਕੀ ਲਿੰਕ 'ਤੇ ਨਾ ਦੇਣ। ਅਜਿਹਾ ਝੂਠੇ ਆਫ਼ਰ ਤੁਹਾਨੂੰ ਠੱਗਣ ਲਈ ਬਣਾਏ ਜਾਂਦੇ ਹਨ, ਜਿੰਨ੍ਹਾਂ ਵਿੱਚ ਘੱਟ ਵਿਆਜ ਦਰ 'ਤੇ ਲੋਨ ਜਾਂ ਵੱਡੀ ਛੋਟ ਦਾ ਲਾਲਚ ਦਿੱਤਾ ਜਾਂਦਾ ਹੈ।

PIB ਦੇ ਅਨੁਸਾਰ, ਮੌਜੂਦਾ ਸਮੇਂ 'ਚ ਕੇਂਦਰ ਸਰਕਾਰ ਦੀ ਕੋਈ ਵੀ ਅਜਿਹੀ ਯੋਜਨਾ ਨਹੀਂ ਚੱਲ ਰਹੀ ਜੋ ਆਧਾਰ ਕਾਰਡ ਰਾਹੀਂ 2% ਵਿਆਜ ਦਰ 'ਤੇ ਲੋਨ ਦਿੰਦੀ ਹੋਵੇ।

ਇਸ ਤਰ੍ਹਾਂ ਦੇ ਮੈਸੇਜਾਂ ਦਾ ਮਕਸਦ ਸਿਰਫ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣਾ ਅਤੇ ਠੱਗੀ ਕਰਨੀ ਹੁੰਦਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਕੋਈ ਆਫਰ ਜਾਂ ਮੈਸੇਜ ਮਿਲੇ, ਤਾਂ ਉਸ ਦੀ ਪੁਸ਼ਟੀ ਸਰਕਾਰੀ ਵੈੱਬਸਾਈਟ ਜਾਂ ਭਰੋਸੇਯੋਗ ਸਰੋਤਾਂ ਰਾਹੀਂ ਜ਼ਰੂਰ ਕਰੋ।

ਆਪਣੀ ਜਾਣਕਾਰੀ ਕਿਵੇਂ ਰੱਖੀਏ ਸੁਰੱਖਿਅਤ?

PIB ਵੱਲੋਂ ਜਨਤਾ ਨੂੰ ਖ਼ਾਸ ਅਪੀਲ ਕੀਤੀ ਗਈ ਹੈ ਕਿ ਉਹ ਸਾਈਬਰ ਠੱਗਾਂ ਦੇ ਜਾਲ 'ਚ ਨਾ ਫਸਣ ਅਤੇ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ। ਜੇ ਤੁਹਾਨੂੰ ਕੋਈ ਸ਼ੱਕੀ ਮੈਸੇਜ ਮਿਲਦਾ ਹੈ ਤਾਂ ਉਸ ਨੂੰ ਅਣਡਿੱਠਾ ਕਰ ਦਿਓ ਅਤੇ ਅਜਿਹੇ ਮੈਸੇਜ ਕਿਸੇ ਹੋਰ ਨਾਲ ਵੀ ਸਾਂਝੇ ਨਾ ਕਰੋ।

ਸਰਕਾਰ ਵਾਰ-ਵਾਰ ਅਜਿਹੀਆਂ ਫੇਕ ਖ਼ਬਰਾਂ ਦੀ ਜਾਂਚ ਕਰਦੀ ਰਹਿੰਦੀ ਹੈ ਅਤੇ ਲੋਕਾਂ ਨੂੰ ਸਾਵਧਾਨ ਕਰਦੀ ਰਹਿੰਦੀ ਹੈ ਤਾਂ ਜੋ ਉਹ ਸਾਈਬਰ ਜੁਰਮ ਤੋਂ ਬਚੇ ਰਹਿਣ।

ਤੁਹਾਡਾ ਅਲਰਟ ਰਹਿਣਾ ਹੀ ਤੁਹਾਡੀ ਰੱਖਿਆ ਕਰ ਸਕਦਾ ਹੈ — ਜੇ ਤੁਸੀਂ ਸਾਵਧਾਨ ਰਹੋਗੇ ਤਾਂ ਨਾ ਸਿਰਫ਼ ਆਪਣੀ ਜਾਣਕਾਰੀ ਬਚਾ ਸਕਦੇ ਹੋ, ਸਗੋਂ ਆਪਣਾ ਪੈਸਾ ਵੀ ਠੱਗੀ ਤੋਂ ਸੁਰੱਖਿਅਤ ਰੱਖ ਸਕਦੇ ਹੋ।