ਆ ਗਈ ਸੁਜ਼ੂਕੀ ਦੀ ਐਕਸਬੀ, ਕੀਮਤ 9.99 ਲੱਖ ਤੋਂ ਸ਼ੁਰੂ
ਕੀ ਭਾਰਤ ਵਿੱਚ ਆਵੇਗੀ ਸੁਜ਼ੂਕੀ ਐਕਸਬੀ?- ਸੁਜ਼ੂਕੀ ਐਕਸਬੀ ਦਾ ਡਿਜ਼ਾਈਨ ਕਾਫੀ ਆਕਰਸ਼ਕ ਤੇ ਮਾਡਰਨ ਹੈ। ਕਈ ਮਾਮਲਿਆਂ ਵਿੱਚ ਇਹ ਮਾਰੂਤੀ ਇਗਨਿਸ ਨਾਲ ਮਿਲਦੀ ਜੁਲਦੀ ਹੈ। ਭਾਰਤੀ ਕਾਰ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਆਕਰਸ਼ਕ ਡਿਜ਼ਾਈਨ ਤੇ ਵਧੀਆ ਫੀਚਰਜ਼ ਨਾਲ ਲੈੱਸ ਇਗਨਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਮਾਈਕ੍ਰੋ ਐਸ.ਯੂ.ਵੀ. ਦੇ ਵਧਦੇ ਰੁਝਾਨ ਨੂੰ ਵੇਖਦਿਆਂ ਕਿਆਸੇ ਲਾਏ ਜਾ ਰਹੇ ਹਨ, ਕਿ ਕੰਪਨੀ ਇਸ ਕਾਰ ਨੂੰ ਭਾਰਤ ਵਿੱਚ ਉਤਾਰ ਸਕਦੀ ਹੈ।
ਸੁਜ਼ੂਕੀ ਐਕਸਬੀ ਨੂੰ ਹਿਅਰਟੈੱਕ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸੇ ਪਲੇਟਫਾਰਮ 'ਤੇ ਬਲੇਨੋ, ਇਗਨਿਸ, ਨਵੀਂ ਸਵਿਫਟ ਤੇ ਡਿਜ਼ਾਇਰ ਵੀ ਬਣੀਆਂ ਹਨ। ਸੁਜ਼ੂਕੀ ਐਕਸਬੀ ਦਾ ਡਿਜ਼ਾਈਨ ਜਾਪਾਨ ਵਿੱਚ ਉਪਲਬਧ ਹਸਟਲਰ ਨਾਲ ਮਿਲਦਾ ਜੁਲਦਾ ਹੈ। ਇਸ ਕੈਬਿਨ ਵਿੱਚ ਕਾਫੀ ਸਾਰੇ ਫੀਚਰ ਇਗਨਿਸ ਤੋਂ ਲਏ ਗਏ ਹਨ ਤੇ ਕਲਾਈਮੇਟ ਕੰਟਰੋਲ ਯੁਨਿਟ ਸਮੇਤ ਕਈ ਫੀਚਰ ਸ਼ਾਮਲ ਹਨ।
ਸੁਰੱਖਿਆ ਲਈ ਇਸ ਵਿੱਚ ਡੂਅਲ ਸੈਂਸਰ ਬ੍ਰੇਕ ਸਪੋਰਟ (ਡੀ.ਐਸ.ਬੀ.ਐਸ.), ਬੈਕ-ਅੱਪ ਬ੍ਰੇਕ ਸਪੋਰਟ ਕੋਲਿਜ਼ਮ-ਮਿਟੀਗੇਸ਼ਨ ਸਿਸਟਮ ਤੇ 360 ਡਿਗਰੀ ਕੈਮਰਾ ਕਈ ਜ਼ਰੂਰਤ ਵਾਲੇ ਫੀਚਰ ਦਿੱਤੇ ਗਏ ਹਨ।
ਸੁਜ਼ੂਕੀ ਐਕਸਬੀ ਵਿੱਚ ਬਲੇਨੋ ਆਰ.ਐਸ. ਵਾਲਾ 1.0 ਲੀਟਰ ਦਾ ਬੂਸਟਰਜੈੱਟ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ ਦੀ ਪਾਵਰ 99 ਪੀ.ਐਸ. ਤੇ ਟਾਰਕ 150 ਐਨ.ਐਮ. ਹੈ। ਇਹ ਇੰਜਣ 6-ਸਪੀਡ ਆਟੋਮੈਟਿਕ ਗੀਅਰਬਾਕਸ ਨਾਲ ਆਉਂਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਕੰਪਨੀ ਨੇ ਇਸ ਵਿੱਚ ਸੁਜ਼ੂਕੀ ਦੀ ਮਾਈਲਡ ਹਾਈਬ੍ਰਿਡ ਤਕਨਾਲੋਜੀ (ਐਸ.ਐਚ.ਵੀ.ਐਸ.) ਦੀ ਵਰਤੋਂ ਵੀ ਕੀਤੀ ਗਈ ਹੈ। ਔਫ-ਰੋਡਿੰਗ ਦਾ ਸ਼ੌਕ ਰੱਖਣ ਵਾਲਿਆਂ ਲਈ ਇੱਥੇ ਔਲ-ਵ੍ਹੀਲ-ਡਰਾਈਵ ਦਾ ਵਿਕਲਪ ਵੀ ਮੌਜੂਦ ਹੋਵੇਗਾ।
ਸੁਜ਼ੂਕੀ ਨੇ ਆਪਣੀ ਮਾਈਕ੍ਰੋ ਐਸ.ਯੂ.ਵੀ. ਨੂੰ ਜਾਪਾਨ ਵਿੱਚ ਲਾਂਚ ਕਰ ਦਿੱਤਾ ਹੈ। ਇੱਥੇ ਸੁਜ਼ੂਕੀ ਐਕਸਬੀ ਦੀ ਕੀਮਤ ਭਾਰਤੀ ਕਰੰਸੀ ਦੇ ਮੁਤਾਬਕ 9.99 ਲੱਖ ਤੋਂ ਸ਼ੁਰੂ ਹੋ ਕੇ 12.64 ਲੱਖ ਰੁਪਏ ਤਕ ਜਾਂਦੀ ਹੈ।