E Passport Applying Process: ਭਾਰਤ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਸਾਰੇ ਦਸਤਾਵੇਜ਼ ਜ਼ਰੂਰੀ ਹਨ। ਇਹਨਾਂ ਦਸਤਾਵੇਜ਼ਾਂ ਦੀ ਲੋੜ ਲਗਭਗ ਹਰ ਰੋਜ਼ ਕਿਸੇ ਨਾ ਕਿਸੇ ਕੰਮ ਲਈ ਪੈਂਦੀ ਰਹਿੰਦੀ ਹੈ। ਜੇਕਰ ਅਸੀਂ ਇਨ੍ਹਾਂ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਵਰਗੇ ਮਹੱਤਵਪੂਰਨ ਦਸਤਾਵੇਜ਼ ਹਨ। ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ, ਤੁਹਾਡੇ ਬਹੁਤ ਸਾਰੇ ਕੰਮ ਰੁੱਕ ਸਕਦੇ ਹਨ।
ਜੇਕਰ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਪਾਸਪੋਰਟ ਤੋਂ ਬਿਨਾਂ ਵਿਦੇਸ਼ ਨਹੀਂ ਜਾ ਸਕੋਗੇ। ਹੁਣ ਭਾਰਤ ਸਰਕਾਰ ਵੱਲੋਂ ਈ-ਪਾਸਪੋਰਟ ਵੀ ਜਾਰੀ ਕੀਤਾ ਗਿਆ ਹੈ। ਤੁਸੀਂ ਈ-ਪਾਸਪੋਰਟ ਲਈ ਕਿਵੇਂ ਅਰਜ਼ੀ ਦੇ ਸਕਦੇ ਹੋ? ਆਓ ਤੁਹਾਨੂੰ ਦੱਸਦੇ ਹਾਂ।
ਭਾਰਤ ਵਿੱਚ ਲਾਂਚ ਹੋਇਆ ਈ-ਪਾਸਪੋਰਟ
ਹੁਣ ਤੱਕ ਭਾਰਤ ਵਿੱਚ ਪਾਸਪੋਰਟ ਸਿਰਫ਼ ਕਾਗਜ਼ਾਂ 'ਚ ਹੀ ਹੁੰਦਾ ਸੀ। ਉਸ ਵਿੱਚ ਡਿਜੀਟਲ ਜਾਣਕਾਰੀ ਨਹੀਂ ਹੁੰਦੀ ਸੀ। ਪਰ ਹੁਣ ਭਾਰਤ ਵਿੱਚ ਈ-ਪਾਸਪੋਰਟ ਦੀ ਸ਼ੁਰੂਆਤ ਤੋਂ ਬਾਅਦ, ਤੁਹਾਡੇ ਪਾਸਪੋਰਟ ਦੇ ਵੇਰਵੇ ਵੀ ਡਿਜੀਟਲ ਰੂਪ ਵਿੱਚ ਉਪਲਬਧ ਹੋਣਗੇ। ਤੁਹਾਨੂੰ ਦੱਸ ਦਈਏ ਕਿ ਈ-ਪਾਸਪੋਰਟ ਕਾਗਜ਼ੀ ਪਾਸਪੋਰਟ ਅਤੇ ਇਲੈਕਟ੍ਰਾਨਿਕ ਪਾਸਪੋਰਟ ਦਾ ਸੁਮੇਲ ਹੈ। ਇਹ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਯਾਨੀ ਕਿ RFID ਚਿੱਪ ਇਨੇਬਲਡ ਹੈ।
ਅਤੇ ਪਾਸਪੋਰਟ ਵਿੱਚ ਐਂਟੀਨਾ ਨੂੰ ਇਨਲੇਅ ਵਜੋਂ ਵਰਤਿਆ ਜਾਂਦਾ ਹੈ। ਪਾਸਪੋਰਟ ਧਾਰਕ ਦੀ ਫੋਟੋ, ਉਂਗਲੀਆਂ ਦੇ ਨਿਸ਼ਾਨ ਅਤੇ ਹੋਰ ਜਾਣਕਾਰੀ ਪਾਸਪੋਰਟ ਵਿੱਚ ਲੱਗੀ ਚਿੱਪ ਵਿੱਚ ਦਰਜ ਕੀਤੀ ਜਾਵੇਗੀ। ਈ-ਪਾਸਪੋਰਟ ਦੀ ਪਛਾਣ ਕਰਨ ਲਈ, ਫਰੰਟ ਕਵਰ ਦੇ ਹੇਠਾਂ ਇੱਕ ਵੱਖਰਾ ਗੋਲਡ ਕਲਰ ਦਾ ਚਿੰਨ੍ਹ ਹੋਵੇਗਾ। ਇਸ ਨਾਲ ਨਕਲੀ ਪਾਸਪੋਰਟ ਬਣਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਇਹ ਪਾਸਪੋਰਟ ਕਾਫ਼ੀ ਸੁਰੱਖਿਅਤ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਭਾਰਤ ਸਰਕਾਰ ਵੱਲੋਂ ਪੂਰੇ ਭਾਰਤ ਵਿੱਚ ਈ-ਪਾਸਪੋਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੀ ਸਰਵਿਸ ਦੇਸ਼ ਦੇ ਕੁਝ ਸ਼ਹਿਰਾਂ ਵਿੱਚ ਹੀ ਉਪਲਬਧ ਹੈ। ਇਸ ਵੇਲੇ, ਈ-ਪਾਸਪੋਰਟ ਦੀ ਸਹੂਲਤ ਨਾਗਪੁਰ, ਭੁਵਨੇਸ਼ਵਰ, ਜੰਮੂ, ਗੋਆ, ਸ਼ਿਮਲਾ, ਰਾਏਪੁਰ, ਅੰਮ੍ਰਿਤਸਰ, ਜੈਪੁਰ, ਚੇਨਈ, ਹੈਦਰਾਬਾਦ, ਸੂਰਤ ਅਤੇ ਰਾਂਚੀ ਵਿੱਚ ਸਥਿਤ ਖੇਤਰੀ ਪਾਸਪੋਰਟ ਦਫਤਰਾਂ ਵਿੱਚ ਉਪਲਬਧ ਹੈ।
ਕਿਵੇਂ ਕਰ ਸਕਦੇ ਅਪਲਾਈ?
ਜਿਨ੍ਹਾਂ ਕੋਲ ਪਹਿਲਾਂ ਹੀ ਪਾਸਪੋਰਟ ਹਨ, ਉਹ ਆਪਣੀ ਵੈਲੀਡਿਟੀ ਦੀ ਮਿਆਦ ਤੱਕ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਬਾਅਦ ਹੀ ਤੁਸੀਂ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ। ਜੇਕਰ ਤੁਸੀਂ ਈ-ਪਾਸਪੋਰਟ ਲਈ ਅਪਲਾਈ ਕਰਨਾ ਚਾਹੁੰਦੇ ਹੋ। ਤਾਂ ਤੁਹਾਨੂੰ ਪਾਸਪੋਰਟ ਸਰਵਿਸ ਦੀ ਅਧਿਕਾਰਤ ਵੈੱਬਸਾਈਟ https://portal2.passportindia.gov.in 'ਤੇ ਜਾ ਕੇ ਅਪਲਾਈ ਕਰਨਾ ਪਵੇਗਾ। ਇਸ ਤੋਂ ਇਲਾਵਾ, ਤੁਸੀਂ ਆਪਣੇ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ 'ਤੇ ਜਾ ਕੇ ਵੀ ਇਸ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ।