ਰਾਜਸਥਾਨ ਪੁਲਿਸ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਆਪਣੀ ਪਤਨੀ ਨੂੰ ਫ਼ੋਨ 'ਤੇ 'ਤਿੰਨ ਤਲਾਕ' ਕਹਿਣ ਅਤੇ ਰਿਸ਼ਤਾ ਤੋੜਨ ਤੋਂ ਬਾਅਦ ਇੱਕ ਪਾਕਿਸਤਾਨੀ ਲੜਕੀ ਨਾਲ ਵਿਆਹ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਨੂੰਮਾਨਗੜ੍ਹ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਐਸਸੀ/ਐਸਟੀ ਸੈੱਲ) ਰਣਵੀਰ ਸਿੰਘ ਨੇ ਦੱਸਿਆ ਕਿ ਭਾਦਰਾ, ਹਨੂੰਮਾਨਗੜ੍ਹ ਦੀ ਰਹਿਣ ਵਾਲੀ ਫਰੀਦਾ ਬਾਨੋ (29) ਨੇ ਪਿਛਲੇ ਮਹੀਨੇ ਆਪਣੇ ਪਤੀ ਰਹਿਮਾਨ (35) ਖ਼ਿਲਾਫ਼ ਤਿੰਨ ਤਲਾਕ ਕਹਿ ਕੇ ਰਿਸ਼ਤਾ ਤੋੜਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੇ ਖਿਲਾਫ ਦਾਜ ਲਈ ਪਰੇਸ਼ਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਕੁਵੈਤ ਤੋਂ ਜੈਪੁਰ ਏਅਰਪੋਰਟ ਪਹੁੰਚਿਆ ਸੀ ਮੁਲਜ਼ਮ
ਪੁਲਸ ਦੇ ਡਿਪਟੀ ਸੁਪਰਡੈਂਟ ਮੁਤਾਬਕ ਪਾਕਿਸਤਾਨੀ ਲੜਕੀ ਨਾਲ ਵਿਆਹ ਕਰਨ ਦਾ ਦੋਸ਼ੀ ਰਹਿਮਾਨ ਕੁਵੈਤ 'ਚ ਸੀ ਅਤੇ ਸੋਮਵਾਰ ਨੂੰ ਜੈਪੁਰ ਹਵਾਈ ਅੱਡੇ 'ਤੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਹਨੂੰਮਾਨਗੜ੍ਹ ਪੁਲਸ ਦੀ ਟੀਮ ਨੇ ਮੁਲਜ਼ਮ ਰਹਿਮਾਨ ਨੂੰ ਜੈਪੁਰ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਅਤੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਦੋਸ਼ੀ ਰਹਿਮਾਨ ਅਤੇ ਫਰੀਦਾ ਬਾਨੋ ਦਾ ਵਿਆਹ 2011 'ਚ ਹੋਇਆ ਸੀ। ਜੋੜੇ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।
ਪਾਕਿਸਤਾਨੀ ਮਹਿਲਾ ਮਹਵਿਸ਼ ਨਾਲ ਕੀਤਾ ਵਿਆਹ
ਦੋਸ਼ੀ ਰਹਿਮਾਨ ਬਾਅਦ ਵਿਚ ਕੁਵੈਤ ਚਲਾ ਗਿਆ ਅਤੇ ਉਥੇ ਟਰਾਂਸਪੋਰਟ ਸੈਕਟਰ ਵਿਚ ਕੰਮ ਕਰਨ ਲੱਗਾ। ਇਸ ਦੌਰਾਨ ਉਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਲੜਕੀ ਮਹਿਵਿਸ਼ ਨੂੰ ਮਿਲਿਆ ਅਤੇ ਸਾਊਦੀ ਅਰਬ ਵਿੱਚ ਉਸ ਨਾਲ ਵਿਆਹ ਕਰਵਾ ਲਿਆ। ਉਸ ਨੇ ਦੱਸਿਆ ਕਿ ਮਹਿਵਿਸ਼ ਪਿਛਲੇ ਮਹੀਨੇ ਟੂਰਿਸਟ ਵੀਜ਼ੇ 'ਤੇ ਚੁਰੂ ਆਈ ਸੀ ਅਤੇ ਫਿਲਹਾਲ ਰਹਿਮਾਨ ਦੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਪਾਕਿਸਤਾਨੀ ਲੜਕੀ ਮਹਿਵਿਸ਼ ਦੇ ਚੁਰੂ ਆਉਣ ਤੋਂ ਬਾਅਦ ਹਨੂੰਮਾਨਗੜ੍ਹ 'ਚ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਫਰੀਦਾ ਬਾਨੋ ਨੇ ਰਹਿਮਾਨ 'ਤੇ ਮਾਮਲਾ ਦਰਜ ਕਰਵਾਇਆ ਸੀ।
2023 'ਚ ਦੂਜਾ ਵਿਆਹ ਹੋਣ ਦੀ ਜਾਣਕਾਰੀ ਮਿਲੀ ਸੀ
2023 'ਚ ਪਹਿਲੀ ਵਾਰ ਰਹਿਮਾਨ ਅਤੇ ਮਹਿਵਿਸ਼ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਪੋਸਟ ਕੀਤੀ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਸ ਨੇ ਦੁਬਾਰਾ ਵਿਆਹ ਕਰ ਲਿਆ ਹੈ, ਰਹਿਮਾਨ ਅਤੇ ਮਹਿਵਿਸ਼ ਨੇ ਵਿਆਹ ਤੋਂ ਬਾਅਦ ਇੰਸਟਾ 'ਤੇ ਇਕ ਰੀਲ ਵੀ ਪੋਸਟ ਕੀਤੀ ਸੀ।