Independence Day 2024 Special: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਲੋਕਾਂ ਨੂੰ ਤਿਰੰਗੇ ਨਾਲ ਆਪਣੀ ਸੈਲਫੀ ਅਪਲੋਡ ਕਰਨ ਦੀ ਅਪੀਲ ਕੀਤੀ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਸ਼ਟਰੀ ਝੰਡੇ ਦੀ ਵਰਤੋਂ ਤੇ ਪ੍ਰਦਰਸ਼ਨ ਨੂੰ ਲੈ ਕੇ ਅਜਿਹੇ ਨਿਯਮ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ ਸਜ਼ਾ ਦੀ ਵਿਵਸਥਾ ਹੈ। ਇਸ ਲਈ ਆਪਣੇ ਵਾਹਨ ਉਪਰ ਤਿਰੰਗਾ ਲਾਉਣ ਤੋਂ ਪਹਿਲਾਂ ਨਿਯਮ ਜਾਣ ਲਵੋ।


ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸੁਤੰਤਰਤਾ ਦਿਵਸ ਮੌਕੇ ਲੋਕ ਆਪਣੀ ਬਾਈਕ ਜਾਂ ਕਾਰ 'ਤੇ ਤਿਰੰਗਾ ਲਾਉਂਦੇ ਹਨ ਪਰ ਹਰ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ। ਇੰਡੀਅਨ ਫਲੈਗ ਕੋਡ, 2002 ਦੇ ਅਨੁਸਾਰ ਸਿਰਫ ਕੁਝ ਲੋਕਾਂ ਨੂੰ ਹੀ ਆਪਣੀ ਕਾਰ ਜਾਂ ਵਾਹਨ 'ਤੇ ਤਿਰੰਗਾ ਲਹਿਰਾਉਣ ਦਾ ਕਾਨੂੰਨੀ ਅਧਿਕਾਰ ਹੈ।



ਇਸ ਦੇ ਨਾਲ ਹੀ ਨੈਸ਼ਨਲ ਫਲੈਗ ਕੋਡ ਕਹਿੰਦਾ ਹੈ ਕਿ ਜਦੋਂ ਵੀ ਤੁਸੀਂ ਤਿਰੰਗਾ ਲਹਿਰਾਉਂਦੇ ਹੋ ਤਾਂ ਸਭ ਤੋਂ ਉੱਪਰ ਕੇਸਰੀ ਪੱਟੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਫਟੇ, ਮੈਲੇ-ਕੁਚੈਲੇ ਤਿਰੰਗੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਆਓ ਜਾਣਦੇ ਹਾਂ ਵਾਹਨ 'ਤੇ ਰਾਸ਼ਟਰੀ ਝੰਡਾ ਲਗਾਉਣ ਦਾ ਅਧਿਕਾਰ ਕਿਸ ਨੂੰ ਹੈ।


ਤਿਰੰਗਾ ਲਹਿਰਾਉਣ ਦਾ ਹੱਕ ਕਿਸ ਨੂੰ ਹੈ?
ਇਹ ਵਿਸ਼ੇਸ਼ ਅਧਿਕਾਰ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਰਾਜਪਾਲ, ਉਪ-ਰਾਜਪਾਲ, ਭਾਰਤੀ ਮਿਸ਼ਨ ਦੇ ਮੁਖੀਆਂ, ਪ੍ਰਧਾਨ ਮੰਤਰੀ, ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ, ਮੁੱਖ ਮੰਤਰੀਆਂ, ਲੋਕ ਸਭਾ ਦੇ ਸਪੀਕਰ, ਲੋਕ ਸਭਾ ਦੇ ਡਿਪਟੀ ਸਪੀਕਰ, ਰਾਜ ਸਭਾ ਦੇ ਡਿਪਟੀ ਸਪੀਕਰ, ਰਾਜਾਂ 'ਚ ਵਿਧਾਨ ਪ੍ਰੀਸ਼ਦ ਦੇ ਮੁਖੀਆਂ, ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਿਧਾਨ ਸਭਾਵਾਂ ਦੇ ਸਪੀਕਰ, ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਿਧਾਨ ਸਭਾਵਾਂ ਦੇ ਡਿਪਟੀ ਸਪੀਕਰ, ਭਾਰਤ ਦੇ ਚੀਫ਼ ਜਸਟਿਸ, ਸੁਪਰੀਮ ਕੋਰਟ ਦੇ ਜੱਜਾਂ ਤੇ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਹੈ।
ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਏਗੀ ਇਹ ਕਾਰਵਾਈ 


ਭਾਵੇਂ ਨਾਗਰਿਕਾਂ ਨੂੰ ਘਰਾਂ ਵਿੱਚ ਤਿਰੰਗਾ ਲਹਿਰਾਉਣ ਤੇ ਹੱਥਾਂ ਵਿੱਚ ਝੰਡਾ ਚੁੱਕਣ ਦੀ ਆਜ਼ਾਦੀ ਹੈ ਪਰ ਨਿੱਜੀ ਵਾਹਨਾਂ 'ਤੇ ਝੰਡਾ ਲਹਿਰਾਉਣਾ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈ। ਜੇਕਰ ਕੋਈ ਵੀ ਇਸ ਸਬੰਧ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਨੈਸ਼ਨਲ ਆਨਰ ਅਪਮਾਨ ਦੀ ਰੋਕਥਾਮ ਐਕਟ 1971 ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਐਕਟ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਝੰਡੇ, ਸੰਵਿਧਾਨ ਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੂੰ 3 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।