Indian Citizenship: ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਭਾਰਤੀ ਵਿਦੇਸ਼ ਜਾਣ ਦਾ ਸੁਫ਼ਨਾ ਦੇਖਦੇ ਹਨ। ਜਿਸ ਕਰਕੇ ਪਿਛਲੇ ਕੁੱਝ ਸਾਲਾਂ ਵਿੱਚ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਵਸਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਵਸਣ ਵਾਲੇ ਜ਼ਿਆਦਾਤਰ ਲੋਕ ਉਨ੍ਹਾਂ ਰਾਜਾਂ ਦੇ ਹਨ, ਜਿੱਥੇ ਵਿਕਾਸ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 11 ਸਾਲਾਂ ਵਿੱਚ ਲਗਭਗ 16 ਲੱਖ ਲੋਕਾਂ ਨੇ ਆਪਣੀ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ਵਿੱਚ ਵਸਣ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਸ਼ ਦੇ ਕਿਸ ਸੂਬੇ ਤੋਂ ਸਭ ਤੋਂ ਵੱਧ ਲੋਕ ਦੇਸ਼ ਛੱਡ ਕੇ ਵਿਦੇਸ਼ਾਂ 'ਚ ਜਾ ਕੇ ਵੱਸ ਰਹੇ ਹਨ। ਆਓ ਜਾਣਦੇ ਹਾਂ...



ਇਸ ਸੂਬੇ ਦੇ ਬਹੁਤੇ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਹਨ


ਹਾਲ ਹੀ ਵਿੱਚ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਪਰਵਾਸ ਕਰਨ ਵਾਲੇ ਲੋਕਾਂ ਵਿੱਚ ਗੁਜਰਾਤ ਦੇ ਲੋਕ ਸਭ ਤੋਂ ਅੱਗੇ ਹਨ। ਮੌਜੂਦਾ ਸਮੇਂ ਵਿੱਚ ਗੁਜਰਾਤ ਵਿੱਚ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਵੱਸਣ ਦਾ ਰੁਝਾਨ ਕਾਇਮ ਹੈ, ਜਿਸ ਵਿੱਚ 30 ਤੋਂ 45 ਸਾਲ ਦੀ ਉਮਰ ਦੇ ਜ਼ਿਆਦਾਤਰ ਲੋਕ ਆਪਣੀ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ਵਿੱਚ ਵਸਣ ਲੱਗੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਇੱਕ ਸਾਲ ਵਿੱਚ ਇਹ ਅੰਕੜੇ ਦੁੱਗਣੇ ਹੋ ਗਏ ਹਨ।


ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਦੇ ਖੇਤਰੀ ਪਾਸਪੋਰਟ ਕੇਂਦਰ ਦੇ ਅਨੁਸਾਰ, ਗੁਜਰਾਤ ਦੇ ਦੱਖਣੀ ਹਿੱਸੇ ਵਿੱਚ ਮੌਜੂਦ ਸੂਰਤ, ਨਰਮਦਾ, ਵਲਸਾਡ ਅਤੇ ਨਵਸਾਰੀ ਖੇਤਰਾਂ ਦੇ ਲੋਕ ਸਭ ਤੋਂ ਵੱਧ ਆਪਣੀ ਭਾਰਤੀ ਨਾਗਰਿਕਤਾ ਛੱਡ ਰਹੇ ਹਨ। ਸਾਲ 2022 ਵਿੱਚ, 241 ਗੁਜਰਾਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਛੱਡ ਦਿੱਤੀ, ਜਦੋਂ ਕਿ 2023 ਵਿੱਚ ਇਹ ਗਿਣਤੀ ਵਧ ਕੇ 485 ਹੋ ਗਈ। ਮਈ 2024 ਤੱਕ ਇਹ ਅੰਕੜਾ 244 ਤੱਕ ਪਹੁੰਚ ਗਿਆ ਹੈ। ਫਿਲਹਾਲ ਸਾਲ ਖਤਮ ਨਹੀਂ ਹੋਇਆ ਹੈ ਪਰ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜ਼ਿਆਦਾਤਰ ਲੋਕ ਆਪਣੀ ਭਾਰਤੀ ਨਾਗਰਿਕਤਾ ਛੱਡ (Relinquish Indian citizenship) ਕੇ ਅਮਰੀਕਾ, ਲੰਡਨ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਆਪਣੇ ਘਰ ਵਸਾਉਣ ਲੱਗੇ ਹਨ।


ਭਾਰਤੀ ਕਿਉਂ ਛੱਡ ਰਹੇ ਹਨ ਭਾਰਤੀ ਨਾਗਰਿਕਤਾ?


ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਪਾਸਪੋਰਟ ਅਧਿਕਾਰੀ ਦੇ ਮੁਤਾਬਕ ਵਿਦਿਆਰਥੀ ਬਿਹਤਰ ਕਰੀਅਰ ਦੀ ਭਾਲ ਵਿਚ ਵਿਦੇਸ਼ ਜਾ ਰਹੇ ਹਨ ਅਤੇ ਵੀਜ਼ਾ ਲੈ ਕੇ ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ ਹਨ। ਜਿਨ੍ਹਾਂ ਦੇ ਵਿੱਚੋਂ ਪੰਜਾਬ ਅਤੇ ਹਰਿਆਣਾ ਦੇ ਬੱਚਿਆਂ ਦੇ ਵਿੱਚ ਵੀ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਪੜ੍ਹਾਈ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਬਿਹਤਰ ਵਿਕਲਪ ਮਿਲ ਰਹੇ ਹਨ, ਜਿਸ ਕਾਰਨ ਵਿਦਿਆਰਥੀ ਨੌਕਰੀ ਮਿਲਣ ਤੋਂ ਬਾਅਦ ਭਾਰਤੀ ਨਾਗਰਿਕਤਾ ਛੱਡ ਰਹੇ ਹਨ।