Public Holidays : ਦੇਸ਼ ਭਰ ਦੇ ਸਰਕਾਰੀ ਕਰਮਚਾਰੀਆਂ ਅਤੇ ਨੌਕਰੀਪੇਸ਼ਾ ਲੋਕਾਂ ਵਿੱਚ ਅਕਸਰ ਇਹ ਚਰਚਾ ਰਹਿੰਦੀ ਹੈ ਕਿ ਕਿਸ ਰਾਜ ਵਿੱਚ ਸਭ ਤੋਂ ਵੱਧ ਸਰਕਾਰੀ ਛੁੱਟੀਆਂ ਮਿਲਦੀਆਂ ਹਨ। ਭਾਰਤ ਵਰਗੇ ਵਿਭਿੰਨਤਾ ਭਰੇ ਦੇਸ਼ ਵਿੱਚ ਹਰ ਰਾਜ ਦੇ ਆਪਣੇ ਸੱਭਿਆਚਾਰਕ, ਸਮਾਜਿਕ ਅਤੇ ਸਥਾਨਕ ਤਿਉਹਾਰ ਹੁੰਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਰਾਜ ਸਰਕਾਰਾਂ ਆਪਣੀ ਸਾਲਾਨਾ ਛੁੱਟੀਆਂ ਦੀ ਸੂਚੀ ਤਿਆਰ ਕਰਦੀਆਂ ਹਨ। ਇਸੇ ਕਰਕੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਸਰਕਾਰੀ ਛੁੱਟੀਆਂ ਦੀ ਗਿਣਤੀ ਵਿੱਚ ਕਾਫ਼ੀ ਅੰਤਰ ਵੇਖਣ ਨੂੰ ਮਿਲਦਾ ਹੈ।
ਜੇਕਰ ਦੇਸ਼ ਦੇ ਸਾਰੇ ਰਾਜਾਂ ਦੀ ਤੁਲਨਾ ਕੀਤੀ ਜਾਵੇ ਤਾਂ ਝਾਰਖੰਡ ਅਤੇ ਅਸਾਮ ਉਹ ਦੋ ਰਾਜ ਹਨ, ਜਿੱਥੇ ਸਰਕਾਰੀ ਕਰਮਚਾਰੀਆਂ ਨੂੰ ਸਾਲ ਭਰ ਵਿੱਚ ਸਭ ਤੋਂ ਵੱਧ ਛੁੱਟੀਆਂ ਮਿਲਦੀਆਂ ਹਨ। ਇਨ੍ਹਾਂ ਦੋਵੇਂ ਰਾਜਾਂ ਵਿੱਚ ਸਰਕਾਰੀ ਕੈਲੰਡਰ ਮੁਤਾਬਕ 33 ਜਾਂ ਇਸ ਤੋਂ ਵੀ ਵੱਧ ਸਰਕਾਰੀ ਛੁੱਟੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਹਰ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਵੀ ਛੁੱਟੀ ਮਿਲਦੀ ਹੈ। ਸਥਾਨਕ ਤਿਉਹਾਰਾਂ ਅਤੇ ਰਵਾਇਤੀ ਸਮਾਗਮਾਂ ਕਾਰਨ ਇਨ੍ਹਾਂ ਰਾਜਾਂ ਦੇ ਕਰਮਚਾਰੀਆਂ ਨੂੰ ਦਫ਼ਤਰ ਤੋਂ ਕਾਫ਼ੀ ਰਾਹਤ ਮਿਲਦੀ ਹੈ।
ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਵਰਗੇ ਵੱਡੇ ਰਾਜਾਂ ਵਿੱਚ ਵੀ ਸਥਾਨਕ ਅਤੇ ਧਾਰਮਿਕ ਤਿਉਹਾਰਾਂ ਦੇ ਆਧਾਰ 'ਤੇ ਕਾਫ਼ੀ ਸਰਕਾਰੀ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਰਾਜਾਂ ਵਿੱਚ ਸਾਲਾਨਾ ਸਰਕਾਰੀ ਛੁੱਟੀਆਂ ਦੀ ਗਿਣਤੀ 25 ਤੋਂ 38 ਤੱਕ ਪਹੁੰਚ ਜਾਂਦੀ ਹੈ।
ਇਨ੍ਹਾਂ ਰਾਜਾਂ ਵਿੱਚ ਹੋਲੀ, ਦੀਵਾਲੀ, ਈਦ, ਮਕਰ ਸੰਕ੍ਰਾਂਤੀ, ਮਹਾਕੁੰਭ, ਛੱਠ ਪੂਜਾ, ਤੀਜ, ਗੰਗੌਰ ਅਤੇ ਸਥਾਨਕ ਮਹਾਨ ਸ਼ਖਸੀਅਤਾਂ ਦੀਆਂ ਜਨਮ ਜਯੰਤੀਆਂ ਮੌਕੇ ਰਾਜ ਸਰਕਾਰਾਂ ਵੱਲੋਂ ਵਿਸ਼ੇਸ਼ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ।
ਭਾਵੇਂ ਹਰ ਰਾਜ ਦੀਆਂ ਆਪਣੀਆਂ ਵੱਖ-ਵੱਖ ਸਥਾਨਕ ਛੁੱਟੀਆਂ ਹੁੰਦੀਆਂ ਹਨ ਪਰ 26 ਜਨਵਰੀ (ਗਣਤੰਤਰ ਦਿਵਸ), 15 ਅਗਸਤ (ਆਜ਼ਾਦੀ ਦਿਵਸ) ਅਤੇ 2 ਅਕਤੂਬਰ (ਗਾਂਧੀ ਜਯੰਤੀ) ਇਹ ਤਿੰਨ ਰਾਸ਼ਟਰੀ ਦਿਵਸ ਅਜੇਹੇ ਹਨ ,ਜਿਨ੍ਹਾਂ 'ਤੇ ਪੂਰੇ ਦੇਸ਼ ਵਿੱਚ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਿੱਚ ਲਾਜ਼ਮੀ ਸਰਕਾਰੀ ਛੁੱਟੀ ਹੁੰਦੀ ਹੈ।
ਦੂਜੇ ਪਾਸੇ, ਦੇਸ਼ ਦੇ ਸਾਰੇ ਰਾਜਾਂ ਨਾਲ ਤੁਲਨਾ ਕਰਨ 'ਤੇ ਦਿੱਲੀ ਵਿੱਚ ਸਭ ਤੋਂ ਘੱਟ ਸਰਕਾਰੀ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ। ਦਿੱਲੀ ਵਿੱਚ ਸਾਲ ਭਰ ਦੌਰਾਨ ਸਿਰਫ਼ 21 ਜਨਤਕ ਛੁੱਟੀਆਂ ਹੁੰਦੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦਿੱਲੀ ਦੇ ਜ਼ਿਆਦਾਤਰ ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ ਵਿੱਚ ਸਿਰਫ਼ ਪੰਜ ਦਿਨ ਕੰਮ ਹੁੰਦਾ ਹੈ ਅਤੇ ਸ਼ਨੀਵਾਰ ਤੇ ਐਤਵਾਰ ਪਹਿਲਾਂ ਹੀ ਹਫ਼ਤਾਵਾਰੀ ਛੁੱਟੀ ਹੁੰਦੇ ਹਨ। ਹਾਲਾਂਕਿ ਕੁਝ ਖਾਸ ਸਰਕਾਰੀ ਦਫ਼ਤਰ ਸ਼ਨੀਵਾਰ ਨੂੰ ਵੀ ਖੁੱਲ੍ਹੇ ਰਹਿੰਦੇ ਹਨ, ਪਰ ਆਮ ਤੌਰ 'ਤੇ ਦਿੱਲੀ ਵਿੱਚ ਇਹੀ ਪ੍ਰਣਾਲੀ ਲਾਗੂ ਹੈ।
