ਕੇਰਲ 'ਚ ਹੜ੍ਹਾਂ ਦੀ ਤਬਾਹੀ, 187 ਮੌਤਾਂ, ਕਈ ਲੋਕ ਲਾਪਤਾ
ਦੱਸ ਦੇਈਏ ਕਿ ਇਡੁੱਕੀ 'ਚ ਪੇਰੀਅਰ ਨਦੀ ਪੂਰੇ ਜ਼ੋਬਨ 'ਤੇ ਹੈ ਜਿਸ ਨਾਲ ਪੇਰੀਅਰ ਰਿਵਰ ਇਲਾਕੇ 'ਚ ਬੁਰੀ ਤਰ੍ਹਾਂ ਹੜ੍ਹ ਆ ਗਏ ਹਨ। ਨਦੀ 'ਚ ਪਾਣੀ ਦਾ ਉਛਾਲ ਜ਼ਿਆਦਾ ਹੋਣ ਕਾਰਨ ਹਾਲਾਤ ਭਿਆਨਕ ਬਣੇ ਹੋਏ ਹਨ।
ਸੂਬੇ 'ਚ ਕਈ ਲੋਕ ਪਾਣੀ 'ਚ ਵਹਿ ਚੁੱਕੇ ਹਨ।
ਕੇਰਲ ਦੇ ਸੀਐਮ ਪਿਨਰਾਈ ਵਿਜਯਨ ਨੇ ਕਿਹਾ ਕਿ ਸੂਬੇ 'ਚ ਅਜਿਹੇ ਹੜ੍ਹ ਪਹਿਲਾਂ ਕਦੇ ਨਹੀਂ ਆਏ। ਸੂਬੇ 'ਚ ਕਈ ਲੋਕ ਮਾਰੇ ਗਏ ਜਦਕਿ ਵੱਡੀ ਸੰਖਿਆਂ 'ਚ ਲੋਕ ਲਾਪਤਾ ਹਨ।
ਹੜ੍ਹਾਂ ਦਾ ਜਾਇਜ਼ਾ ਲੈਣ ਲਈ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਕੇਰਲ ਪਹੁੰਚੇ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਕੇਰਲ ਨੂੰ ਕੇਂਦਰ ਸਰਕਾਰ ਵੱਲੋਂ 100 ਕਰੋੜ ਰੁਪਏ ਆਰਥਿਕ ਮਦਦ ਦਾ ਐਲਾਨ ਕੀਤਾ।
ਦੇਸ਼ ਭਰ 'ਚ ਮਾਨਸੂਨ ਨਾਲ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ। ਕੇਰਲ 'ਚ ਸਭ ਤੋਂ ਵੱਧ 187 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਯੂਪੀ 'ਚ 171, ਪੱਛਮੀ ਬੰਗਾਲ 'ਚ 170, ਮਹਾਰਾਸ਼ਟਰ 'ਚ 139, ਗੁਜਰਾਤ 'ਚ 52, ਅਸਾਮ 'ਚ 44 ਤੇ ਨਾਗਾਲੈਂਡ 'ਚ 8 ਤੋਂ ਵੱਧ ਲੋਕ ਮਾਰੇ ਗਏ ਹਨ।
ਭਾਰਤੀ ਸੈਨਾ ਵੀ ਕੇਰਲ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਲਈ ਪਹੁੰਚ ਗਈ ਹੈ। ਟੁੱਟੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਵਾਈ ਸੈਨਾ ਵੀ ਬਚਾਅ ਕਾਰਜਾਂ 'ਚ ਮਦਦ ਕਰ ਰਹੀ ਹੈ।
ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਐਨਡੀਆਰਐਫ ਦੀਆਂ ਟੀਮਾਂ ਸਥਿਤੀ ਸੰਭਾਲਨ 'ਚ ਜੁਟੀਆਂ ਹੋਈਆਂ ਹਨ। ਥਾ-ਥਾਂ ਕੈਂਪ ਲਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ।
ਭਾਰੀ ਬਾਰਸ਼ ਤੇ ਹੜ੍ਹਾਂ ਨਾਲ ਕੇਰਲ 'ਚ ਭਿਆਨਕ ਹਾਲਾਤ ਬਣੇ ਹੋਏ ਹਨ। ਸੂਬੇ 'ਚ ਹੁਣ ਤੱਕ 187 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਲੋਕ ਬੇਘਰ ਹੋ ਗਏ ਹਨ।