ਮੈਰਿਜ ਪੈਲੇਸ ਦੀ ਕੰਧ ਡਿੱਗੀ, 25 ਲੋਕਾਂ ਦੀ ਮੌਤ
ਕੰਧ ਤੇ ਟੀਨ ਸ਼ੈੱਡ ਡਿੱਗਣ ਤੋਂ ਕਰੀਬ 50-60 ਲੋਕ ਦੱਬ ਗਏ। ਖ਼ਬਰ ਮਿਲਣ ਉੱਤੇ ਬਚਾਅ ਦਲ ਮੌਕੇ ਉੱਤੇ ਪਹੁੰਚਿਆ। ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਆਰਬੀਐਮ ਹਸਪਤਾਲ ਲਿਆਂਦਾ ਗਿਆ। ਉੱਥੇ ਚਸ਼ਮਦੀਦ ਲਕਸ਼ਮਣ ਪ੍ਰਸਾਦ ਮੁਤਾਬਕ ਇੱਕ ਧਮਾਕਾ ਹੋਇਆ। ਇਹ ਕੰਧ ਡਿੱਗਣ ਦੀ ਆਵਾਜ਼ ਸੀ। ਲੋਕਾਂ ਵਿੱਚ ਹਲਚਲ ਮੱਚ ਗਈ। ਕਈ ਲੋਕ ਡਿੱਗ ਗਏ ਤੇ ਭੱਜਦੇ ਲੋਕ ਉਨ੍ਹਾਂ ਦੇ ਉੱਪਰ ਦੌੜਦੇ ਰਹੇ। ਕਿਸੇ ਨੂੰ ਕੁਝ ਖ਼ਾਸ ਸਮਝ ਨਹੀਂ ਆ ਰਹੀ ਸੀ। ਚਾਰ-ਚੁਫੇਰੇ ਚੀਕ ਪੁਕਾਰ ਮੱਚੀ ਹੋਈ ਸੀ।
ਜੈਪੁਰ: ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਵਿਆਹ ਦੀ ਖ਼ੁਸ਼ੀ ਮੌਕੇ ਮਾਤਮ ਛਾ ਗਿਆ। ਬੁੱਧਵਾਰ ਰਾਤ ਸਾਢੇ 10 ਵਜੇ ਹਨੇਰੀ ਤੇ ਤੁਫ਼ਾਨ ਨਾਲ ਇੱਕ ਵਿਆਹ ਸਮਾਰੋਹ ਦੌਰਾਨ ਲੋਕਾਂ ਉੱਤੇ ਮੈਰਿਜ ਪੈਲੇਸ ਦੀ ਕੰਧ ਡਿੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 25 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।
ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਿਆ। ਇਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕੀਤਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਵਸੂੰਧਰਾ ਰਾਜੇ ਨੇ ਇਸ ਹਾਦਸੇ ਵਿੱਚ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਲੋਕ ਖਾਣਾ ਖਾ ਰਹੇ ਸਨ। ਅਚਾਨਕ ਹਨੇਰੀ ਚੱਲਣ ਲੱਗੀ ਤਾਂ ਲੋਕ ਕੰਧ ਦੇ ਸਹਾਰੇ ਖੜ੍ਹੇ ਹੋ ਗਏ। ਉਸੇ ਸਮੇਂ ਹੀ ਇਹ ਕੰਧ ਡਿੱਗ ਗਈ। ਮ੍ਰਿਤਕਾਂ ਵਿੱਚ ਅੱਠ ਔਰਤਾਂ, ਪੰਜ ਬੱਚੇ ਤੇ 12 ਪੁਰਸ਼ ਸ਼ਾਮਲ ਹਨ। ਸਮਾਰੋਹ ਵਿੱਚ 800 ਲੋਕ ਮੌਜੂਦ ਸਨ। ਮਰਨ ਵਾਲਿਆਂ ਦੀ ਤਾਦਾਦ ਵਧ ਸਕਦੀ ਹੈ।
ਜਾਣਕਾਰੀ ਮੁਤਾਬਕ ਕਰੋੜੀ ਲਾਲ ਸੈਣੀ ਦੀ ਬੇਟੀ ਅੰਜੂ ਨਾਲ ਵਿਆਹ ਕਰਨ ਜੈਪੁਰ ਤੋਂ ਧਰਮਿੰਦਰ ਸੈਣੀ ਦੀ ਬਾਰਾਤ ਭਰਤਪੁਰ ਪਹੁੰਚੀ ਸੀ। ਰਾਤ ਵਿੱਚ ਕਰੀਬ 10 ਵਜੇ ਜਦੋਂ ਵਿਆਹ ਦੀ ਰਸਮਾਂ ਚੱਲ ਹੀ ਰਹੀਆਂ ਸੀ ਤਾਂ ਅਚਾਨਕ ਤੇਜ਼ ਹਨ੍ਹੇਰੀ ਦੀ ਨਾਲ ਬਾਰਸ਼ ਹੋਣ ਲੱਗੀ। ਉਸ ਵਕਤ ਅੰਨਪੁਰਣਾ ਮੈਰਿਜ ਹੋਮ ਵਿੱਚ ਖਾਣਾ ਚੱਲ ਰਿਹਾ ਸੀ। ਜਿੱਥੇ ਖਾਣੇ ਦੇ ਸਟਾਲ ਲੱਗੇ ਸਨ। ਉਸ ਦੇ ਪਿੱਛੇ ਦੀ ਕੰਧ ਡਿੱਗ ਗਈ। ਇਸ ਨਾਲ ਖਾਣਾ ਖਾ ਰਹੇ ਲੋਕ ਦੱਬ ਗਏ। ਕੰਧ ਦੇ ਸਾਹਮਣੇ ਵੱਲੋਂ ਇੱਕ ਟੀਨ ਸ਼ੈੱਡ ਲੱਗਾ ਸੀ। ਉਹ ਵੀ ਉੱਖੜ ਗਿਆ।