ਰਾਮਦੇਵ ਨਾਲ ਯੋਗਾ ਕਰਨ ਗਈ ਮੁਸਲਿਮ ਲੜਕੀ ਦੇ ਵਿਰੁੱਧ ਫਤਵਾ ਜਾਰੀ
ਮਿਲੀ ਜਾਣਕਾਰੀ ਮੁਤਾਬਕ ਰਾਂਚੀ ਦੇ ਡੋਰੰਡਾ ਥਾਣਾ ਖੇਤਰ ਵਿੱਚ ਰਹਿਣ ਵਾਲੀ ਰਾਫੀਆ ਨਾਜ਼ 1995 ਤੋਂ ਰਾਂਚੀ ਵਿੱਚ ਯੋਗ ਸਿਖਾਉਂਦੀ ਆ ਰਹੀ ਹੈ। ਇਸ ਦੇ ਲਈ ਉਸ ਨੂੰ ਸਰਕਾਰੀ ਤੇ ਸਮਾਜਿਕ ਸੰਗਠਨ ਕਈ ਵਾਰ ਸਨਮਾਨਤ ਕਰ ਚੁੱਕੇ ਹਨ।
ਰਾਂਚੀ- ਯੋਗੀ ਬਾਬਾ ਰਾਮਦੇਵ ਨਾਲ ਯੋਗਾ ਕਰ ਕੇ ਸੁਰਖੀਆਂ ਵਿੱਚ ਆਈ ਮੁਸਲਿਮ ਕੁੜੀ ਰਾਫੀਆ ਨਾਜ਼ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਯੋਗ ਸਿਖਾਉਣ ਬਾਰੇ ਉਸ ਦੇ ਖਿਲਾਫ ਫਤਵਾ ਜਾਰੀ ਹੋ ਗਿਆ ਹੈ। ਮੁੱਖ ਮੰਤਰੀ ਰਘੁਬਰ ਦਾਸ ਨੂੰ ਪਤਾ ਲੱਗਣ ਦੇ ਬਾਅਦ ਰਾਫੀਆ ਦੀ ਸੁਰੱਖਿਆ ਲਈ ਦੋ ਸੁਰੱਖਿਆ ਮੁਲਾਜ਼ਮ ਹਾਸਲ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ ਇਕ ਮਰਦ ਅਤੇ ਦੂਸਰੀ ਔਰਤ ਹੈ।
ਇਸ ਸੰਬੰਧ ਵਿੱਚ ਰਾਫੀਆ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਮਿਲਣ ਤੋਂ ਪਹਿਲਾਂ ਕੱਟੜਪੰਥੀਆਂ ਨੂੰ ਵੀ ਮੇਰਾ ਯੋਗ ਕਰਨਾ ਚੰਗਾ ਲੱਗਦਾ ਸੀ। ਉਹ ਮੇਰੇ ਘਰ ਆ ਕੇ ਮੇਰੇ ਪਰਿਵਾਰਕ ਮੈਬਰਾਂ ਕੋਲ ਮੇਰੀ ਤਾਰੀਫ ਕਰਦੇ ਸੀ। ਬਾਬਾ ਰਾਮਦੇਵ ਨਾਲ ਯੋਗ ਕਰਨ ਪਿੱਛੋਂ ਉਹ ਉਨ੍ਹਾਂ ਦੇ ਨਿਸ਼ਾਨੇ ਉੱਤੇ ਹੈ। ਕੱਟੜਪੰਥੀਆਂ ਦੇ ਮੁਤਾਬਕ ਉਹ ਐਂਟੀ ਇਸਲਾਮਿਕ ਹੋ ਗਈ ਹੈ।
ਰਾਫੀਆ ਨੇ ਕਿਹਾ ਕਿ 2015 ਦੇ ਬਾਅਦ ਤੋਂ ਉਸ ਨੂੰ ਲਗਾਤਾਰ ਗਾਲ੍ਹਾਂ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਮੈਂ ਯੋਗ ਕਰਨਾ ਜਾਰੀ ਰੱਖਾਂਗੀ ਅਤੇ ਜੀਵਨ ਦੇ ਅੰਤ ਤੱਕ ਯੋਗ ਸਿਖਾਉਂਦੀ ਰਹਾਂਗੀ। ਰਾਫੀਆ ਚਾਰ ਸਾਲ ਦੀ ਉਮਰ ਤੋਂ ਯੋਗਾ ਵਿੱਚ ਨਿਪੁੰਨ ਸੀ ਅਤੇ ਉਦੋਂ ਤੋਂ ਯੋਗ ਬਾਰੇ ਪੂਰੇ ਰਾਂਚੀ ਵਿੱਚ ਜਾਣੀ ਜਾਂਦੀ ਹੈ।
ਸਾਲ 2015 ਵਿੱਚ ਰਾਂਚੀ ਵਿੱਚ ਬਾਬਾ ਰਾਮਦੇਵ ਵੱਲੋਂ ਲਾਏ ਯੋਗ ਕੈਂਪ ਵਿੱਚ ਰਾਫੀਆ ਦਾ ਸ਼ਾਮਲ ਹੋਣਾ ਗੁਨਾਹ ਮੰਨਿਆ ਗਿਆ ਹੈ। ਰਾਮਦੇਵ ਨਾਲ ਮੰਚ ਉੱਤੇ ਯੋਗਾ ਕਰਨ ਦੇ ਬਾਅਦ ਤੋਂ ਉਹ ਕੱਟੜਪੰਥੀਆਂ ਦੇ ਨਿਸ਼ਾਨੇ ਉੱਤੇ ਆ ਗਈ। ਧਮਕੀਆਂ ਮਿਲਣ ਦੇ ਨਾਲ ਸੋਸ਼ਲ ਸਾਇਟ ਉੱਤੇ ਵੀ ਉਸ ਦੇ ਖਿਲਾਫ ਗਲਤ ਕੁਮੈਂਟ ਕੀਤੇ ਗਏ ਹਨ।