ਦਿੱਲੀ ਹੜ੍ਹਾਂ ਦੇ ਸਾਏ ਹੇਠ, ਹਾਈ ਅਲਰਟ ਜਾਰੀ
ਪੱਛਮੀ ਬੰਗਾਲ ਦਾ: ਹਾਲ ਪੱਛਮੀ ਬੰਗਾਲ 'ਚ 1,269 ਪਿੰਡ ਬਾਰਸ਼ ਨਾਲ ਪ੍ਰਭਾਵਿਤ ਹੋਏ ਹਨ ਤੇ 1,62,935 ਲੋਕ ਇਸਦੀ ਲਪੇਟ 'ਚ ਹਨ। ਬਾਰਸ਼ ਦੀ ਮਾਰ ਹੇਠ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। 47,680 ਹੈਕਟੇਅਰ ਫਸਲ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ 'ਚ ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਭਾਰੀ ਬਾਰਸ਼ ਪੈਣ ਦੀ ਸੰਭਾਵਨਾ ਹੈ।
ਕੇਰਲ ਦਾ ਹਾਲ: ਕੇਰਲ 'ਚ ਵੀ ਭਾਰੀ ਬਾਰਸ਼ ਦੇ ਚੱਲਦਿਆਂ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ। ਲਗਪਗ 14975 ਲੋਕ ਬਰਾਸ਼ ਕਾਰਨ ਪ੍ਰਭਾਵਿਤ ਹੋਏ ਹਨ ਜਦਕਿ 5,183 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਸੂਬੇ 'ਚ 427 ਘਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਤੇ 11,276 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਅਸਾਮ ਦਾ ਹਾਲ: ਅਸਾਮ 'ਚ ਬਾਰਸ਼ ਨਾਲ 1,224 ਪਿੰਡ ਪ੍ਰਭਾਵਿਤ ਹੋਏ ਹਨ ਤੇ 10,17,968 ਲੋਕਾਂ 'ਤੇ ਇਸਦਾ ਗਹਿਰਾ ਪ੍ਰਭਾਵ ਪਿਆ ਹੈ। ਸੂਬੇ ਚ 428 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਇਸ ਸਥਿਤੀ 'ਚੋਂ 34,921 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।
ਗੁਜਰਾਤ ਦਾ ਹਾਲ: ਗੁਜਰਾਤ 'ਚ ਭਾਰੀ ਬਾਰਸ਼ ਦੇ ਚੱਲਦਿਆਂ 213 ਪਿੰਡ ਪ੍ਰਭਾਵਿਤ ਹੋਏ ਹਨ। ਬਾਰਸ਼ ਵਿਚ 89 ਪੱਕੇ ਘਰ ਤੇ 1413 ਕੱਚੇ ਘਰ ਤਬਾਹ ਹੋ ਗਏ। ਸੂਬੇ 'ਚ 15,912 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਮਹਾਰਾਸ਼ਟਰ 'ਚ ਡੁੱਬਣ ਨਾਲ 138 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 117 ਲੋਕ ਜ਼ਖਮੀ ਹੋਏ ਹਨ।
ਨਵੀਂ ਦਿੱਲੀ: ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪੰਜ ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਦਿੱਲੀ 'ਤੇ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਇਹ ਪਾਣੀ ਅੱਜ ਦੁਪਹਿਰ ਤੱਕ ਦਿੱਲੀ ਪਹੁੰਚੇਗਾ। ਦਿੱਲੀ 'ਚ ਪਹਿਲਾਂ ਹੀ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਰਹੀ ਹੈ ਜੋ ਕਿ 205,4 ਮੀਟਰ 'ਤੇ ਵਹਿ ਰਹੀ ਹੈ ਜਦਕਿ 204.83 ਮੀਟਰ 'ਤੇ ਖਤਰੇ ਦਾ ਨਿਸ਼ਾਨ ਹੈ।
ਦਿੱਲੀ ਪ੍ਰਸ਼ਾਸਨ ਨੇ ਕੀਤਾ ਅਲਰਟ ਜਾਰੀ ਪ੍ਰਸ਼ਾਸਨ ਨੇ ਯਮੁਨਾ ਦੇ ਨੇੜਲੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਹੈ। ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸੁਰੱਖਿਆ ਦੇ ਇਤਜ਼ਾਮ ਕੀਤੇ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਐਮਰਜੈਂਸੀ ਮੀਟਿੰਗ ਬੁਲਾਈ ਹੈ। ਕੱਲ੍ਹ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪੰਜ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਦਕਿ ਇਸ ਤੋਂ ਪਹਿਲਾਂ ਪਰਸੋਂ ਇੱਕ ਲੱਖ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ ਜਿਸ ਤੋਂ ਬਾਅਦ ਯਮੁਨਾ ਖਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਗਈ। ਤਾਜ਼ਾ ਹਾਲਾਤਾਂ ਮੁਤਾਬਕ ਦਿੱਲੀ ਦੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ।