ਤਸਵੀਰਾਂ ਵਾਇਰਲ ਹੋਣ ’ਤੇ ਖ਼ੁਦਕੁਸ਼ੀ ਕਰਨਾ ਚਾਹੁੰਦੀ ਸੀ ਜੈ ਪ੍ਰਦਾ
ਫਿਲਮੀ ਦੁਨੀਆ ਤੋਂ ਸਿਆਸਤ ਵਿੱਚ ਆਈ ਅਦਾਕਾਰਾ ਜੈ ਪ੍ਰਦਾ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਇੱਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਉਨ੍ਹਾਂ ਖ਼ੁਦਕੁਸ਼ੀ ਕਰਨ ਬਾਰੇ ਸੋਚ ਲਿਆ ਸੀ।
56 ਸਾਲ ਦੀ ਅਦਾਕਾਰਾ ਤੇ ਲੀਡਰ ਨੇ ਕਿਹਾ ਕਿ ਉਸ ਵੇਲੇ ਇੱਕ ਵੀ ਲੀਡਰ ਉਸ ਦੇ ਸਮਰਥਨ ਲਈ ਨਹੀਂ ਆਇਆ ਸੀ। ਇੱਥੋਂ ਤਕ ਕਿ ਮੁਲਾਇਮ ਸਿੰਘ ਯਾਦਵ ਨੇ ਵੀ ਇੱਕ ਵਾਰ ਵੀ ਉਨ੍ਹਾਂ ਨੂੰ ਫੋਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀਆਂ ਨਕਲੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸੀ ਤਾਂ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ ਸੀ।
ਉਸ ਨੇ ਦੱਸਿਆ ਕਿ ਜੇ ਉਹ ਅਮਰ ਸਿੰਘ ਨੂੰ ਰੱਖੜੀ ਵੀ ਬੰਨ੍ਹ ਦਿੰਦੀ ਤਾਂ ਵੀ ਲੋਕ ਉਨ੍ਹਾਂ ਦੇ ਰਿਸ਼ਤੇ ਬਾਰੇ ਚਰਚਾ ਕਰਨੀ ਬੰਦ ਨਹੀਂ ਕਰਨਗੇ। ਜੈ ਪ੍ਰਦਾ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਕਈ ਲੋਕਾਂ ਨੇ ਮਦਦ ਕੀਤੀ ਤੇ ਅਮਰ ਸਿੰਘ ਨੂੰ ਉਹ ਆਪਣੇ ‘ਗੌਡਫਾਦਰ’ ਮੰਨਦੇ ਹਨ।
ਰਾਮਪੁਰ ਤੋਂ ਲੋਕ ਸਭਾ ਸਾਂਸਦ ਰਹੀ ਜੈ ਪ੍ਰਦਾ ਨੇ ਸਮਾਜਵਾਦੀ ਪਾਰਟੀ ਤੋਂ ਬਾਹਰ ਕੱਢੇ ਜਾਣ ਬਾਅਦ ਅਮਰ ਸਿੰਘ ਨਾਲ ਮਿਲ ਕੇ ਰਾਸ਼ਟਰੀ ਲੋਕਮੰਚ ਦੀ ਸਥਾਪਨਾ ਕੀਤੀ ਹੈ।
ਜੈ ਪ੍ਰਦਾ ਨੇ ਐਸਪੀ ਲੀਡਰ ਤੇ ਰਾਮਪੁਰ ਤੋਂ ਵਿਧਾਇਕ ਆਜਮ ਖ਼ਾਨ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਆਜਮ ਖ਼ਾਨ ਨੇ ਉਨ੍ਹਾਂ ’ਤੇ ਤੇਜ਼ਾਬੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਜੈ ਪ੍ਰਦਾ ਨੇ ਕਿਹਾ ਕਿ ਇੱਕ ਮਹਿਲਾ ਹੋਣ ਦੇ ਨਾਲ ਆਜਮ ਖ਼ਾਨ ਨਾਲ ਚੋਣ ਲੜਨੀ, ਐਸਿਡ ਹਮਲੇ ਦੀ ਧਮਕੀ ਸਹਿਣ ਕਰਨੀ, ਜੀਵਨ ਦੀ ਧਮਕੀ ਮਿਲਣ ਦੇ ਬਾਅਦ ਹਾਲਾਤ ਅਜਿਹੇ ਹੋ ਗਏ ਸੀ ਕਿ ਉਨ੍ਹਾਂ ਵਿੱਚ ਆਪਣੀ ਮਾਂ ਨੂੰ ਇਹ ਕਹਿਣ ਦੀ ਹਿੰਮਤ ਨਹੀਂ ਸੀ ਕਿ ਉਹ ਚੋਣ ਖੇਤਰ ਤੋਂ ਜੀਊਂਦੇ ਵਾਪਸ ਆ ਸਕਣਗੇ ਜਾਂ ਨਹੀਂ।