Happy Valentine's Day 2024: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਫਰਵਰੀ ਮਹੀਨੇ ਦਾ ਉਹ ਖਾਸ ਦਿਨ ਆ ਹੀ ਗਿਆ ਹੈ, ਜਿਸ ਦਾ ਹਰ ਪਿਆਰ ਕਰਨ ਵਾਲਾ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰਦਾ ਹੈ। ਜੀ ਹਾਂ ਵੈਲੇਨਟਾਈਨ ਵੀਕ ਦਾ ਅਖਰੀਲਾ ਦਿਨ ਯਾਨੀਕਿ 14 ਫਰਵਰੀ ਮਤਲਬ ਅੱਜ ਵੈਲੇਨਟਾਈਨ ਡੇਅ (Valentine's Day) ਹੈ। ਇਸ ਦਿਨ ਬਹੁਤ ਸਾਰੇ ਪਾਰਟਨਰ ਆਪਣੇ ਸਾਥੀ ਨੂੰ ਆਪਣੇ ਪਿਆਰ ਦੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਇਸ ਖੂਬਸੂਰਤ ਦਿਨ ਨੂੰ ਖਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕਰਦੇ ਹਨ। ਇਸ ਦਿਨ ਨੂੰ ਯਾਦਗਾਰ ਬਣਾਉਂਦੇ ਹੋਏ ਇੱਕ ਦੂਜੇ ਨੂੰ ਪਿਆਰ ਭਰੇ ਤੋਹਫੇ ਦਿੰਦੇ ਹਨ।



ਵੈਲੇਨਟਾਈਨ ਡੇਅ ਕਿਉਂ ਮਨਾਇਆ ਜਾਂਦਾ ਹੈ?


ਹਾਲਾਂਕਿ ਵੈਲੇਨਟਾਈਨ ਡੇਅ ਦੀ ਸ਼ੁਰੂਆਤ ਸਪੱਸ਼ਟ ਤੌਰ 'ਤੇ ਪਤਾ ਨਹੀਂ ਹੈ। ਪਰ, ਇਹ ਮੰਨਿਆ ਜਾਂਦਾ ਹੈ ਕਿ ਵੈਲੇਨਟਾਈਨ ਡੇਅ ਦੀ ਸ਼ੁਰੂਆਤ ਲੂਪਰਕਲੀਆ ਤਿਉਹਾਰ ਤੋਂ ਹੋਈ ਸੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਇਹ ਤਿਉਹਾਰ ਬਸੰਤ ਰੁੱਤ ਦੀ ਆਮਦ 'ਤੇ ਮਨਾਇਆ ਜਾਂਦਾ ਹੈ। ਜਿਸ ਵਿੱਚ ਔਰਤਾਂ ਨੂੰ ਲਾਟਰੀ ਰਾਹੀਂ ਮਰਦਾਂ ਨਾਲ ਜੋੜਿਆ ਗਿਆ। ਇਸ ਦੇ ਨਾਲ ਹੀ ਇਸ ਵਿੱਚ ਪ੍ਰਜਨਨ ਦੀਆਂ ਰਸਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।


ਹਾਲਾਂਕਿ, ਪੰਜਵੀਂ ਸਦੀ ਵਿੱਚ, ਰੋਮ ਦੇ ਪੋਪ ਗਲੇਸੀਅਸ ਪਹਿਲੇ ਨੇ ਇਸ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ ਅਤੇ ਇਸਦੀ ਥਾਂ 'ਤੇ ਸੇਂਟ ਵੈਲੇਨਟਾਈਨ ਡੇਅ ਦੀ ਸਥਾਪਨਾ ਕੀਤੀ। ਵੈਲੇਨਟਾਈਨ ਡੇਅ ਬਾਰੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਲਗਭਗ 14ਵੀਂ ਸਦੀ ਤੱਕ ਸ਼ੁਰੂ ਨਹੀਂ ਹੋਇਆ ਸੀ।


ਸੇਂਟ ਵੈਲੇਨਟਾਈਨ ਕੌਣ ਸੀ?


ਵੈਲੇਨਟਾਈਨ ਡੇ ਦਾ ਇਤਿਹਾਸ ਰੋਮ ਦੇ ਸੇਂਟ ਵੈਲੇਨਟਾਈਨ ਨਾਲ ਜੁੜਿਆ ਹੋਇਆ ਹੈ। ਬੀਬੀਸੀ ਦੇ ਅਨੁਸਾਰ, ਸੇਂਟ ਵੈਲੇਨਟਾਈਨ ਰੋਮ ਦਾ ਇੱਕ ਪਾਦਰੀ ਸੀ, ਜੋ ਪਿਆਰ ਦਾ ਵਕੀਲ ਸੀ। ਜਦੋਂ ਕਿ ਰੋਮਨ ਬਾਦਸ਼ਾਹ ਕਲੌਡੀਅਸ II ਗੋਥੀਕਸ ਨੂੰ ਪਿਆਰ ਦੇ ਸਖਤ ਵਿਰੁੱਧ ਕਿਹਾ ਜਾਂਦਾ ਹੈ। ਉਸ ਦਾ ਮੰਨਣਾ ਸੀ ਕਿ ਜੇ ਸਿਪਾਹੀ ਪਿਆਰ ਵਿੱਚ ਪੈਣ ਲੱਗੇ ਤਾਂ ਉਹ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਣਗੇ ਅਤੇ ਇਸ ਤਰ੍ਹਾਂ ਫ਼ੌਜ ਕਮਜ਼ੋਰ ਹੋ ਜਾਵੇਗੀ। ਜਿਸ ਕਾਰਨ ਉਸ ਨੇ ਫੌਜੀਆਂ ਨਾਲ ਵਿਆਹ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।


ਸੇਂਟ ਵੈਲੇਨਟਾਈਨ, ਆਪਣੇ ਰਾਜੇ ਦੇ ਉਲਟ, ਪਿਆਰ ਦਾ ਪ੍ਰਚਾਰ ਕਰਦਾ ਸੀ। ਉਸ ਨੇ ਰਾਜੇ ਦੇ ਵਿਰੁੱਧ ਜਾ ਕੇ ਕਈਆਂ ਦੇ ਵਿਆਹ ਵੀ ਕਰਵਾਏ। ਜਿਸ ਤੋਂ ਬਾਅਦ ਰੋਮ ਦੇ ਰਾਜੇ ਨੇ ਸੇਂਟ ਵੈਲੇਨਟਾਈਨ ਨੂੰ ਮੌਤ ਦੀ ਸਜ਼ਾ ਸੁਣਾਈ।


ਪਹਿਲੀ ਵਾਰ ਵੈਲੇਨਟਾਈਨ ਡੇਅ ਕਦੋਂ ਮਨਾਇਆ ਗਿਆ?


ਇਹ ਮੰਨਿਆ ਜਾਂਦਾ ਹੈ ਕਿ ਵੈਲੇਨਟਾਈਨ ਡੇਅ ਦੀ ਸ਼ੁਰੂਆਤ ਰੋਮਨ ਤਿਉਹਾਰ ਤੋਂ ਹੋਈ ਸੀ। ਸੰਸਾਰ ਵਿੱਚ ਪਹਿਲੀ ਵਾਰ 496 ਈਸਵੀ ਵਿੱਚ ਵੈਲੇਨਟਾਈਨ ਡੇਅ ਮਨਾਇਆ ਗਿਆ। ਇਸ ਤੋਂ ਬਾਅਦ ਪੰਜਵੀਂ ਸਦੀ ਵਿੱਚ ਰੋਮ ਦੇ ਪੋਪ ਗਲੇਸੀਅਸ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਦਿਨ ਤੋਂ 14 ਫਰਵਰੀ ਨੂੰ ਰੋਮ ਸਮੇਤ ਪੂਰੀ ਦੁਨੀਆ ਵਿਚ ਹਰ ਸਾਲ ਵੈਲੇਨਟਾਈਨ ਡੇ ਵਜੋਂ ਮਨਾਇਆ ਜਾਣ ਲੱਗਾ। ਜਿਸ ਤੋਂ ਬਾਅਦ ਹੁਣ ਤੱਕ ਇਹ ਦਿਨ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਉਤਸ਼ਾਹ ਤੇ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ।