ਚੰਡੀਗੜ੍ਹ: ਪੰਜਾਬ ਦੇ ਗੰਭੀਰ ਮਰੀਜ਼ ਪੀਜੀਆਈ ਦੇ ਸੰਗਰੂਰ ਸੈਟੇਲਾਈਟ ਸੈਂਟਰ ਵਿੱਚ ਰੈਫਰ ਹੋਣਗੇ। ਤਿੰਨ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਪੀਜੀਆਈ ਨੇ ਪੰਜਾਬ ਸਿਹਤ ਵਿਭਾਗ ਨੂੰ ਪੱਤਰ ਭੇਜ ਕੇ ਸਰਕਾਰੀ ਹਸਪਤਾਲਾਂ ਵਿੱਚ ਆ ਰਹੇ ਗੰਭੀਰ ਮਰੀਜ਼ਾਂ ਨੂੰ ਸੰਗਰੂਰ ਸੈਟੇਲਾਈਟ ਸੈਂਟਰ ਵੱਲ ਰੈਫਰ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ।
ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਸੈਂਟਰ ਦਾ ਉਦਘਾਟਨ ਕਰਨ ਵਾਸਤੇ ਦੋ ਅਕਤੂਬਰ ਦਾ ਸਮਾਂ ਦਿੱਤਾ ਸੀ ਪਰ ਬਾਅਦ ’ਚ ਰੁਝੇਵਿਆਂ ਕਾਰਨ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਪੀਜੀਆਈ ਪ੍ਰਸ਼ਾਸਨ ਵੱਲੋਂ ਵਿਭਾਗ ਦੇ ਮੰਤਰੀ ਤੋਂ ਉਦਘਾਟਨ ਲਈ ਇੱਕ ਤੋਂ ਵੱਧ ਵਾਰ ਸਮਾਂ ਲੈਣ ਦਾ ਯਤਨ ਕੀਤਾ ਗਿਆ ਪਰ ਹੁਣ ਮੰਤਰੀ ਦੇ ਰੁਝੇਵਿਆਂ ਨੂੰ ਦੇਖਦਿਆਂ ਸੈਂਟਰ ’ਚ ਓਪੀਡੀ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਿਕ ਸੈਂਟਰ ਦੀ ਓਪੀਡੀ ਵਿੱਚ ਹਰ ਰੋਜ਼ ਔਸਤਨ ਸੌ ਮਰੀਜ਼ ਆਉਣ ਲੱਗੇ ਹਨ। ਪੀਜੀਆਈ ਪ੍ਰਸ਼ਾਸਨ ਨੇ ਸੈਂਟਰ ਦਾ ਰਸਮੀ ਉਦਘਾਟਨ ਪੀਜੀਆਈ ਦੇ ਨਵੇਂ ਡਾਇਰੈਕਟਰ ਦੀ ਨਿਯੁਕਤੀ ਦੀ ਹਾਜ਼ਰੀ ਵਿੱਚ ਕਰਵਾਉਣ ਦੀ ਰਣਨੀਤੀ ਤਿਆਰ ਕੀਤੀ ਹੈ। ਉਸ ਵੇਲੇ ਤੱਕ ਮਰੀਜ਼ਾਂ ਦੀ ਭੀੜ ਵੀ ਵਧਣੀ ਸ਼ੁਰੂ ਹੋ ਜਾਵੇਗੀ।
ਸੈਂਟਰ ਵਿੱਚ ਮੈਡੀਸਨ, ਗਾਇਨੀ, ਪੀਡੀਐਟਰਿਕ, ਅੱਖਾਂ, ਨੱਕ, ਕੰਨ ਤੇ ਗਲਾ, ਡੈਂਟਲ, ਕਮਿਊਨਿਟੀ ਮੈਡੀਸਨ ਅਤੇ ਮਨੋਰੋਗ ਵਿਭਾਗ ਦੀ ਓਪੀਡੀ ਚੱਲਣ ਲੱਗੀ ਹੈ। ਦੋ ਵਿਭਾਗਾਂ ਨੂੰ ਛੱਡ ਕੇ ਬਾਕੀ ਦੇ ਅੱਠ ਵਿਭਾਗਾਂ ਵਿੱਚ ਹਾਲ ਦੀ ਘੜੀ ਇੱਕ ਸਹਾਇਕ ਪ੍ਰੋਫੈਸਰ ਅਤੇ ਇੱਕ ਸੀਨੀਅਰ ਰੈਜ਼ੀਡੈਂਟ ਬੈਠਣ ਲੱਗੇ ਹਨ।
ਔਰਤ ਰੋਗ ਅਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਵਿਭਾਗ ਵਿੱਚ ਇਹ ਗਿਣਤੀ ਦੁੱਗਣੀ ਹੈ। ਪੀਜੀਆਈ ਵੱਲੋਂ ਡਾਕਟਰਾਂ ਸਮੇਤ ਦੂਜੇ ਅਮਲੇ ਦੀ ਭਰਤੀ ਕੰਟਰੈਟ ’ਤੇ ਕੀਤੀ ਗਈ ਹੈ।