ਨਵੀਂ ਦਿੱਲੀ: ਨਵੀਂ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਇੱਕੋ ਜਾਤ ਵਿੱਚ ਵਿਆਹ ਕਰਵਾਉਣ ਕਾਰਨ ਭਾਰਤੀ ਪੁਰਸ਼ ਹੌਲੀ-ਹੌਲੀ ਨਿਪੁੰਸਕ ਹੋ ਰਹੇ ਹਨ। ਸਾਇੰਟਿਫਿਕ ਰਿਪੋਰਟ ਨਾਂ ਦੇ ਖੋਜ ਰਸਾਲੇ ਵਿੱਚ ਛਪੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਨਸਲ, ਇੱਕੋ ਜਾਤ 'ਚ ਵਿਆਹ ਤੇ ਲੰਮੇ ਸਮੇਂ ਤਕ ਭੂਗੋਲਿਕ ਤੌਰ 'ਤੇ ਵੱਖ ਰਹਿਣ ਕਾਰਨ ਭਾਰਤੀ ਲੋਕਾਂ ਵਿੱਚ ਕ੍ਰੋਮੋਸੋਮਸ ਦੀ ਗਿਣਤੀ ਘੱਟ ਹੋਈ ਹੈ।
ਸੈਂਟਰ ਫਾਰ ਸੈਲੂਲਰ ਐਂਡ ਮੌਲਿਕਿਊਲਰ ਬਾਇਲੋਜੀ ਦੇ ਡਾ. ਕੇ. ਥੰਗਰਾਜ ਮੁਤਾਬਕ ਬੰਦਿਆਂ ਵਿੱਚ ਵਾਈ ਕ੍ਰੋਮੋਸੋਮ ਦੇ ਘਟਣ ਕਾਰਨ ਮਰਦਾਂ ਵਿੱਚ ਵੀਰਜ ਸਬੰਧੀ ਨੁਕਸ ਪੈਦਾ ਹੋ ਰਹੇ ਹਨ। ਇਸ ਖੋਜ ਲਈ ਖੋਜਾਰਥੀਆਂ ਨੇ 973 ਨਿਪੁੰਸਕ ਪੁਰਸ਼ਾਂ ਦੇ ਖ਼ੂਨ ਦੇ ਨਮੂਨੇ ਲਏ, ਜਿਨ੍ਹਾਂ ਵਿੱਚ 771 ਏਜੂਸਪਰਮੀਆ (ਨਿੱਲ ਸ਼ੁਕਰਾਣੂੰ), 105 ਓਲਿਗੋਜੂਸਪਰਮਿਆ (ਘੱਟ ਸ਼ੁਕਰਾਣੂੰ) ਤੇ 97 ਓਲਿਗੋਟੇਕਾਟੋਜੂਸਪਰਮੀਆ (ਘੱਟ ਸ਼ੁਕਰਾਣੂੰ ਤੇ ਨਾਲ ਹੀ ਵੱਖ-ਵੱਖ ਆਕਾਰ ਤੇ ਸ਼ਕਲ ਦੇ ਹੋਣਾ) ਦੇ ਮਰੀਜ਼ ਸਨ।
ਖੋਜ ਵਿੱਚ ਪਾਇਆ ਗਿਆ ਕਿ ਭਾਰਤੀ ਮਰਦਾਂ ਵਿੱਚ ਨਿਪੁੰਸਕਤਾ ਵੱਧ ਕੇ 29.4 ਫੀਸਦ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਨੌਨ ਐਲੋਲਿਕ ਹੋਮੋਲੋਗਸ ਰੀਕੌਂਬੀਨੇਸ਼ਨ (ਡੀਐਨਏ ਦੀ ਤਰਤੀਬ) 25.8 ਫੀਸਦ ਪਾਇਆ ਗਿਆ। ਅਜਿਹਾ ਇੱਕੋ ਜਾਤ ਵਿੱਚ ਵਿਆਹ ਕਰਵਾਉਣ ਕਾਰਨ ਵਾਪਰਿਆ ਹੋ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਇੱਕੋ ਜਾਤ 'ਚ ਵਿਆਹ ਦੀ ਰਵਾਇਤ ਪਿਛਲੇ 2,000 ਸਾਲਾਂ ਤੋਂ ਹੈ। ਅਜਿਹੇ ਵਿੱਚ ਵਾਈ ਕ੍ਰੋਮੋਸੋਮ ਦੇ ਘਟਣ ਬਾਰੇ ਖੋਜ ਕਰਨਾ ਬੇਹੱਦ ਅਹਿਮ ਹੈ, ਤਾਂ ਜੋ ਏਜੂਸਪਰਮੀਆ ਬਾਰੇ ਡੂੰਘਾਈ ਨਾਲ ਪਤਾ ਕੀਤਾ ਜਾ ਸਕੇ।