ਮਸੂੜਿਆਂ ਦੀ ਇਨਫੈਕਸ਼ਨ ਨਾਲ ਕੈਂਸਰ ਦਾ ਖ਼ਤਰਾ
ਏਬੀਪੀ ਸਾਂਝਾ | 09 Dec 2017 10:47 AM (IST)
ਚੰਡੀਗੜ੍ਹ: ਮਸੂੜਿਆਂ ਦੀ ਇਨਫੈਕਸ਼ਨ ਨੂੰ ਹਲਕੇ 'ਚ ਲੈਣਾ ਭਾਰੀ ਪੈ ਸਕਦਾ ਹੈ। ਨਵੀਂ ਖੋਜ ਨੇ ਚੌਕਸ ਕੀਤਾ ਹੈ ਕਿ ਇਸ ਇਨਫੈਕਸ਼ਨ ਕਾਰਨ ਪਾਚਨ ਤੰਤਰ 'ਚ ਜ਼ਖ਼ਮ ਹੋਣ ਦਾ ਖ਼ਤਰਾ ਵੱਧ ਸਕਦਾ ਹੈ ਜਿਹੜਾ ਪੇਟ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਅਮਰੀਕੀ ਖੋਜਕਰਤਾਵਾਂ ਨੇ ਦੰਦਾਂ 'ਚ ਜਮ੍ਹਾ ਹੋਣ ਵਾਲੀ ਗੰਦਗੀ (ਪਲੇਕ) 'ਚ ਪਾਏ ਜਾਣ ਵਾਲੇ ਬੈਕਟੀਰੀਆ ਕਾਰਨ ਮੂੰਹ 'ਚ ਹੋਣ ਵਾਲੇ ਇਨਫੈਕਸ਼ਨ ਅਤੇ ਪੇਰੀਓਡੋਂਟਲ ਡਿਸੀਜ਼ 'ਤੇ ਗੌਰ ਕੀਤਾ। ਉਨ੍ਹਾਂ ਪਾਇਆ ਕਿ ਇਸ ਕਾਰਨ ਪਾਚਨ ਤੰਤਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਨਾਲ ਅੱਗੇ ਚੱਲ ਕੇ ਪੇਟ ਦੇ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਿਯਮਤ ਰੂਪ ਨਾਲ ਬ੍ਰੱਸ਼ ਕਰਨ ਨਾਲ ਪੇਰੀਓਡੋਟਲ ਡਿਸੀਜ਼ ਵਾਂਗ ਯਾਨੀ ਮਸੂੜਿਆਂ ਦੀ ਸੋਜ ਤੋਂ ਬਚਿਆ ਜਾ ਸਕਦਾ ਹੈ। ਪਰ ਇਸ ਤਰ੍ਹਾਂ ਦੇ ਮਾਮਲਿਆਂ 'ਚ ਸਹੀ ਇਲਾਜ ਨਹੀਂ ਹੋਣ ਨਾਲ ਸਥਾਈ ਤੌਰ 'ਤੇ ਮਸੂੜਿਆਂ ਅਤੇ ਹੱਡੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜੋ ਬਾਅਦ ਵਿਚ ਖ਼ਤਰਨਾਕ ਹੋ ਸਕਦਾ ਹੈ।