ਲੋਕਾਂ ਦੀ ਸਿਹਤ ਖਾਤਰ ਸਰਕਾਰ ਨੇ ਬਦਲੇ ਬਰਫ਼ ਦੇ 'ਰੰਗ'..!
ਏਬੀਪੀ ਸਾਂਝਾ | 24 May 2018 08:19 PM (IST)
ਸੰਕੇਤਕ ਤਸਵੀਰ
ਬਠਿੰਡਾ: ਭਾਰਤ ਵਿੱਚ ਹੁਣ ਦੋ ਰੰਗੀ ਬਰਫ ਮਿਲੇਗੀ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਅਥਾਰਟੀ ਦੇ ਹੁਕਮਾਂ ਮੁਤਾਬਕ ਇੱਕ ਜੂਨ ਤੋਂ ਫੈਕਟਰੀ ਮਾਲਕਾਂ ਨੂੰ ਦੋ ਰੰਗਾਂ ਦੀ ਬਰਫ਼ ਬਣਾਉਣੀ ਪਵੇਗੀ। ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤੀ ਜਾਣ ਵਾਲੀ ਬਰਫ਼ ਦਾ ਰੰਗ ਪਹਿਲੇ ਵਾਂਗ ਰਹੇਗਾ ਪਾਰਦਰਸ਼ੀ ਯਾਨੀ ਚਿੱਟਾ, ਜਦਕਿ ਖਾਣ-ਪੀਣ ਤੋਂ ਇਲਾਵਾ ਹੋਰ ਥਾਂ ਵਰਤੀ ਜਾਣ ਵਾਲੀ ਬਰਫ਼ ਦਾ ਰੰਗ ਨੀਲਾ ਹੋਵੇਗਾ। ਵਿਭਾਗ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਹੈ। ਵਿਭਾਗ ਮੁਤਾਬਕ ਇੱਕ ਰੰਗੀ ਬਰਫ਼ ਜਾਂਚ ਲਈ ਨਮੂਨੇ ਭਰਨ ਵਿੱਚ ਕਾਫੀ ਮੁਸ਼ਕਿਲ ਪੈਦਾ ਕਰਦੀ ਸੀ। ਵਿਭਾਗ ਨੇ ਨੀਲੇ ਰੰਗ ਦੀ ਗੁਣਵੱਤਾ ਅਤੇ ਮਾਤਰਾ ਦੇ ਮਾਪਦੰਡ ਵੀ ਤੈਅ ਕਰ ਦਿੱਤੇ ਹਨ।