ਹਵਾਈ (ਅਮਰੀਕਾ): ਹਵਾਈ ਸਿਹਤ ਵਿਭਾਗ ਨੇ ਤਿੰਨ ਅਜਿਹੇ ਮਾਮਲਿਆਂ ਬਾਰੇ ਐਲਾਨ ਕੀਤਾ ਹੈ, ਜਿਨ੍ਹਾਂ ਨੇ ਕੋਵਿਡ ਵੈਕਸੀਨ ਵੀ ਲਵਾਈ ਹੋਈ ਸੀ ਪਰ ਫਿਰ ਵੀ ਉਹ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਗਏ। ਖ਼ਬਰਾਂ ਮੁਤਾਬਕ ਇੱਕ ਵਿਅਕਤੀ ਹਵਾਈ ਦਾ ਸਿਹਤ ਮੁਲਾਜ਼ਮ ਹੈ, ਉਸ ਨੇ ਵੈਕਸੀਨ ਦੇ ਦੋ ਡੋਜ਼ ਲੈ ਲਏ ਹਨ। ਮੁਕੰਮਲ ਟੀਕਾਕਰਨ ਦਾ ਮਤਲਬ ਹੈ ਕਿ ਵਿਅਕਤੀ ਨੂੰ ਮਾਡਰਨਾ ਜਾਂ ਫ਼ਾਈਜ਼ਰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।
ਇੱਕ ਡੋਜ਼ ਲਵਾ ਚੁੱਕੇ ਇੱਕ ਨਾਗਰਿਕ ’ਚ ਵੀ ਬ੍ਰਿਟਿਸ਼ ਵੇਰੀਐਂਟ B.1.1.7 ਪਾਏ ਜਾਣ ਦਾ ਸਨਸਨੀਖ਼ੇਜ਼ ਮਾਮਲਾ 8 ਮਾਰਚ ਨੂੰ ਸਾਹਮਣੇ ਆਇਆ ਹੈ। 11 ਮਾਰਚ ਨੂੰ ਸਿਹਤ ਵਿਭਾਗ ਨੇ ਦੱਸਿਆ ਕਿ ਸਿਹਤ ਮੁਲਾਜ਼ਮ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਦੇ ਮਹੀਨੇ ਬਾਅਦ ਸਫ਼ਰ ਕੀਤਾ ਸੀ। ਤਦ ਉਸ ਵਿੱਚ ਤੇ ਉਸ ਦੇ ਸਾਥੀ ਯਾਤਰੀ ’ਚ ਕੋਈ ਲੱਛਣ ਨਹੀਂ ਸੀ। ਹਵਾਈ ਪੁੱਜਣ ਉੱਤੇ ਸਾਹਮਣੇ ਆਏ ਜਾਂਚ ਨਤੀਜਿਆਂ ਤੋਂ ਉਸ ਦੇ ਪੌਜ਼ੇਟਿਵ ਹੋਣ ਦਾ ਪਤਾ ਲੱਗਾ।
ਅਧਿਕਾਰੀਆਂ ਅਨੁਸਾਰ ਯਾਤਰਾ ਦੌਰਾਨ ਉਹ ਵਿਅਕਤੀ ਪੀੜਤ ਹੋਇਆ ਹੋ ਸਕਦਾ ਹੈ। ਡਾ. ਜੋਸ਼ ਗ੍ਰੀਨ ਨੇ ਸਪੱਸ਼ਟ ਕੀਤਾ ਕਿ 5 ਫ਼ੀਸਦੀ ਨੂੰ ਮਾੱਡਰਨਾ ਤੇ ਫ਼ਾਈਜ਼ਰ ਦੀ ਵੈਕਸੀਨ ਨਹੀਂ ਮਿਲਦੀ। ਇਸ ਲਈ 20 ਲੋਕਾਂ ਵਿੱਚੋਂ ਇੱਕ ਨੂੰ ਹਾਲੇ ਵੀ ਇਮਿਊਨਿਟੀ ਨਹੀਂ ਮਿਲ ਸਕਦੀ ਤੇ ਕੋਵਿਡ-19 ਦੀ ਲਾਗ ਲੱਗ ਸਕਦੀ ਹੈ।
ਹਵਾਈ ’ਚ 1.65 ਲੱਖ ਲੋਕਾਂ ਨੂੰ ਪੂਰੀ ਡੋਜ਼ ਮਿਲ ਚੁੱਕੀ ਹੈ। ਇੱਥੇ ਵੈਕਸੀਨ 95 ਫ਼ੀਸਦੀ ਪ੍ਰਭਾਵਸ਼ਾਲੀ ਸਿੱਧ ਹੋਈ ਹੈ। ਇਸ ਦਾ ਮਤਲਬ ਇਹੋ ਹੈ ਕਿ ਕੁਝ ਲੋਕਾਂ ਨੂੰ ਵੈਕਸੀਨ ਲੱਗਣ ਦੇ ਬਾਵਜੂਦ ਕੋਵਿਡ-19 ਦੀ ਲਾਗ ਲੱਗ ਸਕਦੀ ਹੈ ਪਰ ਇਹ ਵੀ ਅਹਿਮ ਹੈ ਕਿ ਤਿੰਨ ਵਿਅਕਤੀਆਂ ਵਿੱਚੋਂ ਕਿਸੇ ਵਿੱਚ ਵੀ ਕੋਈ ਗੰਭੀਰ ਲੱਛਣ ਨਹੀਂ ਵੇਖਿਆ ਗਿਆ ਜਾਂ ਉਨ੍ਹਾਂ ਨੇ ਅੱਗੇ ਕਿਸੇ ਹੋਰ ਤੱਕ ਇਹ ਵਾਇਰਸ ਨਹੀਂ ਫੈਲਾਇਆ।
ਵਿਭਾਗ ਦੇ ਡਾਇਰੈਕਟਰ ਡਾ. ਲਿੱਬੀ ਚਰ ਨੇ ਕਿਹਾ ਕਿ ਅਹਿਮ ਗੱਲ ਇਹੋ ਹੈ ਕਿ ਟੀਕਾਕਰਨ ਦਾ ਮਤਲਬ ਹੈ, ਗੰਭੀਰ ਬੀਮਾਰੀ ਤੋਂ ਬਚਾਉਣਾ, ਹਸਪਤਾਲ ’ਚ ਦਾਖ਼ਲ ਹੋਣ ਤੋਂ ਰੋਕਣਾ ਤੇ ਮੌਤ ਨੂੰ ਰੋਕਣਾ। ਜਿਹੜੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੇ ਬਾਵਜੂਦ ਕੋਰੋਨਾ ਹੋ ਗਿਆ, ਉਨ੍ਹਾਂ ’ਚ ਸਿਰਫ਼ ਮਾਮੂਲੀ ਲੱਛਣ ਹੀ ਵੇਖੇ ਗਏ, ਗੰਭੀਰ ਕੁਝ ਵੀ ਨਹੀਂ ਸੀ। ਇਸੇ ਲਈ ਵੈਕਸੀਨ ਤੋਂ ਬਾਅਦ ਵੀ ਸਭ ਨੂੰ ਬੁਨਿਆਦੀ ਲਿਯਮਾਂ ਮਾਸਕ ਲਾਉਂਦੇ ਰਹਿਣ, ਸਮਾਜਕ ਦੂਰੀ ਬਣਾ ਕੇ ਰੱਖਣ ਤੇ ਹੱਥ ਸੈਨੇਟਾਈਜ਼ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।