Corona-Virus: ਕੋਵਿਡ-19 ਦਾ ਇਲਾਜ ਕਰ ਰਹੇ ਡਾਕਟਰਾਂ ਨੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਇੱਕ ਵੱਖਰੇ ਰੁਝਾਨ ਦੀ ਸ਼ਨਾਖ਼ਤ ਕੀਤੀ ਹੈ। ਕੋਰੋਨਾਵਾਇਰਸ ਹੁਣ ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰਦਾ ਵਿਖਾਈ ਦੇ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲੀ ਲਹਿਰ ਦੌਰਾਨ ਬੱਚਿਆਂ, ਖ਼ਾਸ ਕਰਕੇ ਗਭਰੂਆਂ ਵਿੱਚ ਲੰਮੇ ਸਮੇਂ ਤੱਕ ਬੁਖ਼ਾਰ ਤੇ ਗੈਸਟ੍ਰੋਇੰਟ੍ਰਾਈਟਿਸ (ਅੰਤੜੀਆਂ ਦੀ ਸੋਜ਼ਿਸ਼) ਦੇ ਲੱਛਣ ਵਿਖਾਈ ਦੇ ਰਹੇ ਹਨ।


ਮੁੰਬਈ ਦੇ ਘਾਟਕੋਪਰ ਇਲਾਕੇ ਦੇ ਬਾਲ ਰੋਗਾਂ ਦੇ ਮਾਹਿਰ ਡਾ. ਬਾਕੁਲ ਪਾਰੇਖ ਨੇ ਦੱਸਿਆ ਕਿ ਪਹਿਲੀ ਲਹਿਰ ਦੌਰਾਨ ਜ਼ਿਆਦਾਤਰ ਬੱਚਿਆਂ ਵਿੱਚ ਕੋਈ ਲੱਛਣ ਵਿਖਾਈ ਨਹੀਂ ਦਿੰਦਾ ਸੀ ਤੇ ਬਿਨਾ ਲੱਛਣਾਂ ਦੇ ਵੱਡੀ ਗਿਣਤੀ ’ਚ ਜਾਂਚ ਵੀ ਨਹੀਂ ਹੁੰਦੀ ਸੀ। ਅਸੀਂ ਸਿਰਫ਼ ਉਨ੍ਹਾਂ ਹੀ ਬੱਚਿਆਂ ਦੀ ਜਾਂਚ ਕਰਦੇ ਸਾਂ, ਜਿਨ੍ਹਾਂ ਦੇ ਪਰਿਵਾਰ ’ਚ ਕਿਸੇ ਨੂੰ ਕੋਵਿਡ-19 ਹੋਇਆ ਸੀ। ਬਹੁਤ ਘੱਟ ਬੱਚਿਆਂ ਵਿੱਚ ਇੱਕ ਜਾਂ ਦੋ ਦਿਨਾਂ ਤੋਂ ਵੱਧ ਲੱਛਣ ਰਹਿੰਦੇ ਸਨ।


ਡਾ. ਪਾਰੇਖ ਨੇ ਕਿਹਾ ਕਿ ਪਹਿਲੀ ਲਹਿਰ ਦੌਰਾਨ ਇੱਕ ਵੀ ਬੱਚੇ ਨੂੰ ਹਸਪਤਾਲਾਂ ’ਚ ਦਾਖ਼ਲ ਕਰਨ ਦੀ ਲੋੜ ਨਹੀਂ ਪਈ ਸੀ। ਪਰ ਪਿਛਲੇ ਕੁਝ ਦਿਨਾਂ ’ਚ ਹੀ ਉਨ੍ਹਾਂ ਨੇ 1 ਤੋਂ 7 ਸਾਲ ਤੱਕ ਦੀ ਉਮਰ ਦੇ ਛੇ ਬੱਚਿਆਂ ਨੂੰ ਹਸਪਤਾਲ ’ਚ ਦਾਖ਼ਲ ਕੀਤਾ ਹੈ।


ਉਨ੍ਹਾਂ ਕਿਹਾ ਕਿ ਤਿੰਨ ਬੱਚੇ ਅੰਤੜੀਆਂ ਦੀ ਗੰਭੀਰ ਕਿਸਮ ਦੀ ਸੋਜ਼ਿਸ਼ ਤੇ ਬੁਖ਼ਾਰ ਤੋਂ ਪੀੜਤ ਰਹੇ, ਜਦ ਕਿ ਹੋਰਨਾਂ ਨੂੰ ਸਾਹ ਫੁੱਲਣ ਤੇ ਬੁਖ਼ਾਰ ਦੀ ਸਮੱਸਿਆ ਸੀ। ਉਨ੍ਹਾਂ ਨੂੰ ਤਰਲ ਪਦਾਰਥਾਂ ਉੱਤੇ ਰੱਖਾ ਗਿਆ ਤੇ ਸਾਹ ਦੀ ਸ਼ਿਕਾਇਤ ਵਾਲੇ ਬੱਚਿਆਂ ਨੂੰ ਆਕਸੀਜਨ ਤੇ ਸਟੀਰਾੱਇਡ ਦੀ ਜ਼ਰੂਰਤ ਪਈ।


ਡਾਕਟਰ ਬੱਚਿਆਂ ਉੱਤੇ ਜ਼ਿਆਦਾ ਪ੍ਰਭਾਵ ਦਾ ਸਬੰਧ ਨਵੀਂ ਮਿਊਟੇਸ਼ਨ ਨਾਲ ਜੋੜਦੇ ਹਨ। ਉਨ੍ਹਾਂ ਦਾ ਕਹਿਣਾ ਹੈ- ਉਪਲਬਧ ਮੈਡੀਕਲ ਡਾਟਾ ਤੋਂ ਪਤਾ ਚੱਲਦਾ ਹੈ ਕਿ ਮਹਾਰਾਸ਼ਟਰ ’ਚ ਪਾਇਆ ਗਿਆ B1.617 ਨਾਂ ਦਾ ਡਬਲ ਮਿਊਟੇਸ਼ਨ ਉਸ ਦੇ ਪਿੱਛੇ ਇੱਕ ਕਾਰਨ ਹੋ ਸਕਦਾ ਹੈ। ਮੁੰਬਈ ’ਚ ਸਕੂਲ ਭਾਵੇਂ ਮਾਰਚ ਮਹੀਨੇ ਤੋਂ ਹੀ ਬੰਦ ਹਨ ਪਰ ਬੱਚੇ ਘਰਾਂ ਦੇ ਵਿਹੜਿਆਂ ਤੇ ਗਲੀਆਂ ’ਚ ਖੇਡਦੇ ਹਨ ਤੇ ਆਪਣੇ ਮਾਪਿਆਂ ਨਾਲ ਵੀ ਘਰਾਂ ਤੋਂ ਬਾਹਰ ਜਾਂਦੇ ਹਨ।


ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਲਾਗ ਦੇ ਰੋਗਾਂ ਨਾਲ ਸਬੰਧਤ ਮਾਹਿਰ ਡਾ. ਤਾਨੂ ਸਿੰਘਲ ਕਹਿੰਦੇ ਹਨ- ਬੱਚਿਆਂ ਵਿੱਚ ਯਕੀਨੀ ਤੌਰ ਉੱਤੇ ਪਹਿਲੀ ਲਹਿਰ ਦੇ ਮੁਕਾਬਲੇ ਹੁਣ ਜ਼ਿਆਦਾ ਲੱਛਣ ਉਜਾਗਰ ਹੋ ਰਹੇ ਹਨ, ਉਨ੍ਹਾਂ ਦੀ ਬੀਮਾਰੀ ਦੀ ਗੰਭੀਰਤਾ ਵਧ ਗਈ ਹੈ।


ਬਾਲ ਰੋਗਾਂ ਦੇ ਮਾਹਿਰ ਡਾ. ਸੋਨੂ ਉਡਾਨੀ ਦੱਸਦੇ ਹਨ- ਬੱਚੇ ਪੇਟ ਦਰਦ ਤੇ ਗੰਭੀਰ ਕਿਸਮ ਦੇ ਦਸਤ ਰੋਗ ਨਾਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਲਹਿਰ ਦੌਰਾਨ ਅਜਿਹਾ ਕੁਝ ਵੀ ਵਿਖਾਈ ਨਹੀਂ ਦਿੱਤਾ ਸੀ।