Kitchen Hacks: ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ 'ਚ ਕਈ ਵਾਰ ਦੁੱਧ ਫਟ ਜਾਂਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜੇਕਰ ਦੁੱਧ ਨੂੰ ਗਰਮ ਨਹੀਂ ਕੀਤਾ ਜਾਂਦਾ ਜਾਂ ਸਹੀ ਢੰਗ ਨਾਲ ਸਟੋਰ ਨਹੀਂ ਕੀਤਾ ਜਾਂਦਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਦੁੱਧ ਦਾ ਸਵਾਦ ਖਰਾਬ ਹੋ ਗਿਆ ਹੈ ਜਾਂ ਇਹ ਉਬਾਲਣ ਤੋਂ ਬਾਅਦ ਫਟ ਗਿਆ ਹੈ ਤਾਂ ਇਸ ਨੂੰ ਖਰਾਬ ਹੋਣ ਦੇ ਕਾਰਨ ਨਾ ਸੁੱਟੋ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਦੁੱਧ ਦੀ ਵਰਤੋਂ ਕੀ ਕੀਤੀ ਜਾਵੇ।



ਅੱਜ ਅਸੀਂ ਤੁਹਾਨੂੰ ਫਟੋ ਹੋਏ ਦੁੱਧ ਦੀ ਵਰਤੋਂ ਕਰਨ ਦੇ ਕੁਝ ਵਧੀਆ ਤਰੀਕੇ ਦੱਸ ਰਹੇ ਹਾਂ। ਤੁਸੀਂ ਇਸ ਤੋਂ ਪਨੀਰ ਬਣਾ ਸਕਦੇ ਹੋ। ਫਟੇ ਹੋਏ ਦੁੱਧ ਦੇ ਪਾਣੀ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਤੁਹਾਨੂੰ ਵੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਪਾਣੀ ਨੂੰ ਖਾਣੇ 'ਚ ਮਿਲਾ ਕੇ ਖਾਣ ਨਾਲ ਭੋਜਨ ਦਾ ਸਵਾਦ ਵੀ ਵਧਦਾ ਹੈ ਤੇ ਫਾਇਦੇ ਵੀ ਹੁੰਦੇ ਹਨ। ਜਾਣੋ ਕਿਵੇਂ ਕਰੀਏ ਫਟੇ ਹੋਏ ਦੁੱਧ ਦੀ ਸਹੀ ਵਰਤੋਂ।

1- ਪਨੀਰ ਬਣਾਓ- ਕਈ ਵਾਰ ਜਦੋਂ ਦੁੱਧ ਫਟ ਜਾਂਦਾ ਹੈ ਤਾਂ ਤੁਸੀਂ ਇਸ ਦੀ ਵਰਤੋਂ ਪਨੀਰ ਬਣਾਉਣ ਲਈ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਦੁੱਧ 'ਚ ਥੋੜ੍ਹਾ ਜਿਹਾ ਨਿੰਬੂ, ਦਹੀਂ ਜਾਂ ਸਿਰਕਾ ਮਿਲਾ ਸਕਦੇ ਹੋ। ਇਸ ਨਾਲ ਦੁੱਧ ਹੋਰ ਚੰਗੀ ਤਰ੍ਹਾਂ ਫਟ ਜਾਵੇਗਾ। ਇਸ ਨੂੰ ਸੂਤੀ ਕੱਪੜੇ 'ਚ ਬੰਨ੍ਹ ਕੇ ਪਾਣੀ ਕੱਢ ਲਓ ਅਤੇ ਪੱਥਰ ਵਰਗੇ ਭਾਰੀ ਭਾਂਡੇ ਨਾਲ ਦਬਾ ਕੇ ਰੱਖੋ। ਇਸ ਨਾਲ ਪਰਫੈਕਟ ਪਨੀਰ ਤਿਆਰ ਹੋ ਜਾਵੇਗਾ।

2- ਆਟੇ ਨੂੰ ਗੁਨ੍ਹੋ- ਤੁਸੀਂ ਆਟੇ ਨੂੰ ਗੁੰਨਣ ਲਈ ਫਟੇ ਦੁੱਧ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਨਾਲ ਆਟਾ ਨਰਮ ਹੋਵੇਗਾ ਤੇ ਪ੍ਰੋਟੀਨ ਵੀ ਭਰਪੂਰ ਹੋਵੇਗਾ। ਇਸ ਤਰ੍ਹਾਂ ਦੇ ਆਟੇ ਦੀਆਂ ਰੋਟੀਆਂ ਬਹੁਤ ਨਰਮ ਹੋ ਜਾਣਗੀਆਂ। ਅਜਿਹੀਆਂ ਰੋਟੀਆਂ ਦਾ ਸਵਾਦ ਵੀ ਵਧੀਆ ਹੁੰਦਾ ਹੈ।

3- ਚਾਵਲ ਪਕਾਓ- ਤੁਸੀਂ ਫਟੇ ਹੋਏ ਦੁੱਧ ਨਾਲ ਵੀ ਚੌਲਾਂ ਨੂੰ ਪਕਾ ਸਕਦੇ ਹੋ। ਤੁਸੀਂ ਦੁੱਧ ਨੂੰ ਫਿਲਟਰ ਵੀ ਕਰ ਸਕਦੇ ਹੋ ਤੇ ਚੌਲ ਪਕਾਉਣ ਲਈ ਇਸ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਚੌਲਾਂ ਨੂੰ ਪਕਾਉਣ ਤੋਂ ਬਾਅਦ ਸੁਆਦ ਵਧੀਆ ਹੋ ਜਾਵੇਗਾ। ਇਸ ਤਰ੍ਹਾਂ ਚਾਵਲ ਬਣਾਉਣ ਨਾਲ ਸਰੀਰ ਨੂੰ ਕਾਰਬੋਹਾਈਡ੍ਰੇਟਸ ਤੇ ਪ੍ਰੋਟੀਨ ਵੀ ਮਿਲਣਗੇ। ਤੁਸੀਂ ਇਸ ਦੀ ਵਰਤੋਂ ਨੂਡਲਜ਼ ਤੇ ਪਾਸਤਾ ਨੂੰ ਉਬਾਲਣ ਲਈ ਵੀ ਕਰ ਸਕਦੇ ਹੋ।

4- ਸਬਜ਼ੀ ਬਣਾਓ- ਤੁਸੀਂ ਫਟੇ ਹੋਏ ਦੁੱਧ ਨਾਲ ਵੀ ਸਬਜ਼ੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਜੋ ਪਨੀਰ ਤਿਆਰ ਕੀਤਾ ਗਿਆ ਹੈ, ਉਸ ਤੋਂ ਤੁਸੀਂ ਪ੍ਰੋਟੀਨ ਨਾਲ ਭਰਪੂਰ ਸਬਜ਼ੀਆਂ ਵੀ ਤਿਆਰ ਕਰ ਸਕਦੇ ਹੋ। ਤੁਸੀਂ ਫਟੇ ਹੋਏ ਦੁੱਧ ਤੋਂ ਬਚਿਆ ਹੋਇਆ ਪਾਣੀ ਵੀ ਸਬਜ਼ੀ ਵਿੱਚ ਪਾ ਸਕਦੇ ਹੋ। ਇਹ ਸਬਜ਼ੀਆਂ ਦੇ ਸਵਾਦ ਅਤੇ ਪੌਸ਼ਟਿਕ ਮੁੱਲ ਵਿੱਚ ਬਹੁਤ ਵਾਧਾ ਕਰੇਗਾ।

ਫਟੇ ਹੋਏ ਦੁੱਧ ਦੇ ਪਾਣੀ ਦੇ ਫਾਇਦੇ
1- ਫਟੇ ਹੋਏ ਦੁੱਧ ਵਿੱਚ ਪ੍ਰੋਟੀਨ ਤੇ ਲੈਕਟਿਕ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

2- ਇਸ ਦੀ ਵਰਤੋਂ ਕਰਨ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ।

3- ਫਟੇ ਹੋਏ ਦੁੱਧ ਦੀ ਵਰਤੋਂ ਨਾਲ ਚਮੜੀ ਤੇ ਵਾਲ ਲਈ ਚੰਗਾ ਹੁੰਦਾ ਹੈ।