Diseases from Mosquito: ਮੱਛਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਕਈ ਵਾਰ ਘਾਤਕ ਸਿੱਧ ਹੋ ਸਕਦੀਆਂ ਹਨ। ਹਰ ਸਾਲ ਲੱਖਾਂ ਲੋਕ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਇਨ੍ਹਾਂ 'ਚੋਂ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ। ਇਨ੍ਹਾਂ ਬਿਮਾਰੀਆਂ ਦੇ ਲੱਛਣ ਗੰਭੀਰ ਹੁੰਦੇ ਹਨ ਤੇ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਏ ਤਾਂ ਹਾਲਤ ਵਿਗੜ ਸਕਦੀ ਹੈ। 


ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਮੱਛਰ ਦੇ ਡੰਗ ਨਾਲ ਡੇਂਗੂ ਤੇ ਮਲੇਰੀਆ ਫੈਲਦੇ ਹਰ ਪਰ ਇਸ ਨਾਲ ਕਈ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਸ ਲਈ ਮੱਛਰਾਂ ਤੋਂ ਬਚਾਅ ਲਈ ਉਪਾਅ ਕਰਨਾ ਤੇ ਇਨ੍ਹਾਂ ਬਿਮਾਰੀਆਂ ਤੋਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਸੁਚੇਤ ਹੋ ਕੇ ਅਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਆਓ ਜਾਣਦੇ ਹਾਂ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ।


1. ਡੇਂਗੂ
ਡੇਂਗੂ ਇੱਕ ਵਾਇਰਲ ਬੁਖਾਰ ਹੈ, ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਨਾਲ ਤੇਜ਼ ਬੁਖਾਰ, ਸਿਰ ਦਰਦ, ਸਰੀਰ ਵਿੱਚ ਦਰਦ ਤੇ ਚਮੜੀ 'ਤੇ ਲਾਲ ਧੱਬੇ ਪੈ ਜਾਂਦੇ ਹਨ। ਡੇਂਗੂ 'ਚ ਪਲੇਟਲੈਟਸ ਤੇਜ਼ੀ ਨਾਲ ਘਟਦੇ ਹਨ, ਜਿਸ ਕਾਰਨ ਸਥਿਤੀ ਗੰਭੀਰ ਹੋ ਸਕਦੀ ਹੈ।



2. ਮਲੇਰੀਆ
ਮਲੇਰੀਆ ਇੱਕ ਪਰਜੀਵੀ ਬਿਮਾਰੀ ਹੈ, ਜੋ ਸੰਕਰਮਿਤ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਠੰਢ ਲੱਗਣਾ, ਪਸੀਨਾ ਆਉਣਾ ਤੇ ਸਰੀਰ ਵਿੱਚ ਕਮਜ਼ੋਰੀ ਸ਼ਾਮਲ ਹੈ। ਜੇਕਰ ਸਹੀ ਸਮੇਂ 'ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਮਲੇਰੀਆ ਘਾਤਕ ਹੋ ਸਕਦਾ ਹੈ।


3. ਚਿਕਨਗੁਨੀਆ
ਚਿਕਨਗੁਨੀਆ ਵੀ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਵਿੱਚ ਤੇਜ਼ ਬੁਖਾਰ ਦੇ ਨਾਲ-ਨਾਲ ਜੋੜਾਂ ਵਿੱਚ ਤੇਜ਼ ਦਰਦ ਹੁੰਦਾ ਹੈ। ਇਹ ਦਰਦ ਕਈ ਮਹੀਨਿਆਂ ਤੱਕ ਰਹਿ ਸਕਦਾ ਹੈ। ਹਾਲਾਂਕਿ ਇਹ ਘਾਤਕ ਨਹੀਂ, ਪਰ ਇਸ ਨਾਲ ਮਰੀਜ਼ ਨੂੰ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ।


4. ਜ਼ੀਕਾ ਵਾਇਰਸ
ਜ਼ੀਕਾ ਵਾਇਰਸ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਵਾਇਰਸ ਹਲਕਾ ਬੁਖਾਰ, ਅੱਖਾਂ ਵਿੱਚ ਲਾਲੀ, ਜੋੜਾਂ ਵਿੱਚ ਦਰਦ ਤੇ ਸਰੀਰ ਉੱਤੇ ਧੱਫੜ ਪੈਦਾ ਕਰਦਾ ਹੈ। ਇਹ ਵਾਇਰਸ ਖਾਸ ਤੌਰ 'ਤੇ ਗਰਭਵਤੀ ਔਰਤਾਂ ਲਈ ਖਤਰਨਾਕ ਹੈ, ਕਿਉਂਕਿ ਇਹ ਬੱਚੇ ਵਿੱਚ ਜਮਾਂਦਰੂ ਨੁਕਸ ਪੈਦਾ ਕਰ ਸਕਦਾ ਹੈ।


5. ਫਾਈਲੇਰੀਆ
ਫਾਈਲੇਰੀਆ ਇੱਕ ਪਰਜੀਵੀ ਲਾਗ ਹੈ, ਜੋ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਇਸ ਵਿੱਚ ਸਰੀਰ ਦੇ ਅੰਗਾਂ ਵਿੱਚ, ਖਾਸ ਕਰਕੇ ਲੱਤਾਂ ਵਿੱਚ ਸੋਜ ਹੋ ਜਾਂਦੀ ਹੈ। ਇਸ ਬਿਮਾਰੀ ਦਾ ਇਲਾਜ ਕਰਨਾ ਔਖਾ ਹੈ ਤੇ ਇਹ ਵਿਅਕਤੀ ਦੇ ਜੀਵਨ ਦੀ ਗੁਣਵੱਤਾ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।


6. ਵੈਸਟ ਨਾਇਲ ਵਾਇਰਸ
ਵੈਸਟ ਨਾਇਲ ਵਾਇਰਸ ਵੀ ਮੱਛਰਾਂ ਰਾਹੀਂ ਫੈਲਦਾ ਹੈ। ਇਸ ਦੇ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਸਰੀਰ ਵਿੱਚ ਦਰਦ ਤੇ ਕਈ ਵਾਰ ਚਮੜੀ ਦੇ ਧੱਫੜ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ, ਬਿਮਾਰੀ ਨਿਊਰੋਲੋਜੀਕਲ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ, ਜੋ ਘਾਤਕ ਹੋ ਸਕਦੀ ਹੈ।



7. ਜਾਪਾਨੀ ਇੰਸੇਫਲਾਈਟਿਸ
ਜਾਪਾਨੀ ਇੰਸੇਫਲਾਈਟਿਸ ਇੱਕ ਵਾਇਰਲ ਇਨਫੈਕਸ਼ਨ ਹੈ, ਜੋ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ, ਮਾਨਸਿਕ ਉਲਝਣ ਤੇ ਦੌਰੇ ਸ਼ਾਮਲ ਹਨ। ਇਹ ਬਿਮਾਰੀ ਬੱਚਿਆਂ ਤੇ ਬਜ਼ੁਰਗਾਂ ਲਈ ਬਹੁਤ ਖਤਰਨਾਕ ਹੋ ਸਕਦੀ ਹੈ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।