ਲੁਧਿਆਣਾ: ਪੂਰੇ ਪੰਜਾਬ ਵਿੱਚ ਜਾਨਲੇਵਾ ਡੇਂਗੂ ਬੁਖ਼ਾਰ ਇੱਕ ਵਾਰ ਫਿਰ ਤੋਂ ਪੈਰ ਪਸਾਰ ਰਿਹਾ ਹੈ। ਸੂਬੇ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਹਾਲਾਤ ਕਾਫੀ ਖ਼ਰਾਬ ਹਨ। ਲੁਧਿਆਣਾ ਵਿੱਚ 1600 ਤੋਂ ਵੱਧ ਮਰੀਜ਼ ਸ਼ੱਕੀ ਪਾਏ ਗਏ ਸਨ ਜਦਕਿ 183 ਮਰੀਜ਼ ਡੇਂਗੂ ਦੀ ਚਪੇਟ ਵਿੱਚ ਪਾਏ ਗਏ। ਹੁਣ ਤਕ ਸ਼ਹਿਰ ਵਿੱਚ ਡੇਂਗੂ ਕਰਕੇ ਇੱਕ ਮੌਤ ਵੀ ਹੋ ਚੁੱਕੀ ਹੈ।

ਸਿਹਤ ਵਿਭਾਗ ਨੇ ਲੁਧਿਆਣਾ ਵਿੱਚ ਵੱਡੇ ਪੱਧਰ 'ਤੇ ਜਾਂਚ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਘਰਾਂ ਤੇ ਦਫ਼ਤਰਾਂ ਵਿੱਚ ਲੱਗੇ ਤਕਰੀਬਨ ਦੋ ਲੱਖ ਕੂਲਰਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਤਕਰੀਬਨ 1600 ਅੰਦਰ ਡੇਂਗੂ ਦਾ ਲਾਰਵਾ ਪਾਇਆ ਗਿਆ। ਲੁਧਿਆਣਾ ਦੇ ਸਿਵਲ ਸਰਜਨ ਪਰਵਿੰਦਰਪਾਲ ਸਿੰਘ ਸਿੱਧੂ ਨੇ ਪਿਛਲੇ ਕਈ ਸਾਲਾਂ ਦੇ ਅੰਕੜਿਆਂ ਬਾਰੇ ਦੱਸਿਆ ਕਿ ਸਾਲ 2015 ਵਿੱਚ ਡੇਂਗੂ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ। ਉਦੋਂ 1876 ਮਰੀਜ਼ ਡੇਂਗੂ ਪੀੜਤ ਪਾਏ ਗਏ ਸਨ, ਜਿਨ੍ਹਾਂ ਵਿੱਚੋਂ ਸੱਤ ਦੀ ਮੌਤ ਵੀ ਹੋ ਗਈ ਸੀ।

ਇਸ ਵਾਰ ਡੇਂਗੂ ਦੇ ਸ਼ੱਕੀ ਮਰੀਜ਼ ਤਾਂ 1600 ਹਨ ਪਰ ਹਾਲੇ ਤਕ 183 ਕੇਸਾਂ ਦੀ ਹੀ ਪੁਸ਼ਟੀ ਹੋ ਸਕੀ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਇਸ ਜਾਨਲੇਵਾ ਬੀਮਾਰੀ ਤੋਂ ਖ਼ਾਸ ਖ਼ਿਆਲ ਰੱਖਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਵੀ ਮਰੀਜ਼ਾਂ ਨੂੰ ਡੇਂਗੂ ਤੋਂ ਬਚਾਉਣ ਲਈ ਵਿਸ਼ੇਸ਼ ਬਾਰੀਕ ਮੱਛਰਦਾਨੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਕੂਲਰਾਂ ਨੂੰ ਖਾਲੀ ਕਰ ਸੁਕਾ ਕੇ ਵਰਤਣਾ ਚਾਹੀਦਾ ਹੈ ਤੇ ਘਰ ਦੇ ਆਲ਼ੇ-ਦੁਆਲ਼ੇ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ।