ਮੈਲਬਾਰਨ: ਵਿਗਿਆਨੀ ਵਿਸ਼ਵ ਦਾ ਪਹਿਲਾ ਅਜਿਹਾ ਪ੍ਰਕਾਸ਼ਕੀ ਸੰਵੇਦਕ (ਆਪਟੀਕਲ ਸੈਂਸਰ) ਵਿਕਸਿਤ ਕਰਨ 'ਤੇ ਕੰਮ ਕਰ ਰਹੇ ਹਨ, ਜੋ ਵਿਅਕਤੀ 'ਚ ਵਿਟਾਮਿਨ ਬੀ12 ਦੀ ਘਾਟ ਦਾ ਛੇਤੀ ਪਤਾ ਲੱਗਾ ਸਕਦਾ ਹੈ। ਇਸ ਵਿਟਾਮਿਨ ਦੀ ਕਮੀ ਨੂੰ ਡਿਮੇਂਸ਼ੀਆ ਅਤੇ ਅਲਜਾਈਮਰ ਦੀ ਬਿਮਾਰੀ ਦੇ ਖ਼ਤਰੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਇਸ ਯੰਤਰ ਦੀ ਮਦਦ ਨਾਲ ਮਰੀਜ਼ਾਂ 'ਚ ਵਿਟਾਮਿਨ ਬੀ12 ਦੇ ਪੱਧਰਾਂ ਦਾ ਪਤਾ ਲਗਾਇਆ ਜਾ ਸਕੇਗਾ ਅਤੇ ਇਸ ਦੀ ਕਮੀ ਹੋਣ 'ਤੇ ਸ਼ੁਰੂਆਤ 'ਚ ਹੀ ਇਸ ਵਿਟਾਮਿਨ ਦਾ ਪੱਧਰ ਵਧਾਇਆ ਜਾ ਸਕੇਗਾ। ਇਹ ਯੰਤਰ ਮੌਜੂਦਾ ਜਾਂਚ ਦੀਆਂ ਸੀਮਾਵਾਂ ਨੂੰ ਦੂਰ ਕਰੇਗਾ, ਜੋ ਵੱਧ ਸਮਾਂ ਲੈਂਦੀਆਂ ਹਨ ਅਤੇ ਮਹਿੰਗੀਆਂ ਹਨ।

ਆਸਟ੍ਰੇਲੀਆ 'ਚ ਯੂਨੀਵਰਸਿਟੀ ਆਫ਼ ਐਡੀਲੇਡ 'ਚ ਖੋਜਕਾਰ ਜੋਰਜੀਅਲ ਸੀਮੀਨਿਸ ਨੇ ਕਿਹਾ ਕਿ ਅਜਿਹਾ ਦੱਸਿਆ ਜਾਂਦਾ ਹੈ ਕਿ ਵਿਟਾਮਿਨ ਬੀ12 ਦੀ ਕਮੀ ਨਾਲ ਡਿਮੇਂਸ਼ੀਆ ਅਤੇ ਅਲਜਾਈਮਰ ਦੀ ਬਿਮਾਰੀ ਦਾ ਖ਼ਤਰਾ ਹੋ ਸਕਦਾ ਹੈ ਅਤੇ ਉਸ ਨੂੰ ਯਾਦਦਾਸ਼ਤ ਘੱਟ ਹੋਣ ਦੀ ਸਮੱਸਿਆ ਨਾਲ ਵੀ ਜੋੜਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਯੰਤਰ ਦੀ ਮਦਦ ਨਾਲ ਮਾਹਿਰ ਬੀ12 ਪੱਧਰਾਂ 'ਤੇ ਨਜ਼ਰ ਰੱਖ ਸਕਣਗੇ ਅਤੇ ਕਮੀ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਇਸ ਨੂੰ ਦੂਰ ਕਰ ਸਕਣਗੇ। ਇਹ ਸੈਂਸਰ ਵਿਕਸਿਤ ਕਰਨ ਦਾ ਕੰਮ ਹਾਲੇ ਸ਼ੁਰੂਆਤੀ ਪੜਾਅ 'ਚ ਹੈ।