ਮੋਗਾ:ਅਮਰੀਕਾ ਤੋਂ ਸ਼ੱਕਰ ਰੋਗ ਦੀ ਦਵਾਈ ਮੰਗਵਾ ਕੇ ਦੇਣ ਦੇ ਨਾਮ ’ਤੇ ਇੱਕ ਵਿਅਕਤੀ ਨੇ ਪਿੰਡ ਚੜਿੱਕ ਦੇ ਨੰਬਰਦਾਰ ਤੋਂ 36 ਲੱਖ ਰੁਪਏ ਠੱਗ ਲਏ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਤੇ ਬਲੈਕਮੇਲਿੰਗ ਦਾ ਕੇਸ ਦਰਜ ਕਰ ਲਿਆ ਹੈ।


ਪੁਲੀਸ ਮੁਤਾਬਕ ਨੰਬਰਦਾਰ ਸੁਰਜੀਤ ਸਿੰਘ ਤਕਰੀਬਨ 5 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਉਸ ਦਾ ਵਿਆਹ ਵੀ ਨਹੀਂ ਹੋਇਆ। ਉਸ ਤੋਂ ਪਿੰਡ ਦੇ ਨੌਜਵਾਨ ਹਰਪਾਲ ਸਿੰਘ ਉਰਫ਼ ਪਾਲਾ ਨੇ ਅਮਰੀਕਾ ਤੋਂ ਸ਼ੱਕਰ ਰੋਗ ਦੀ ਦਵਾਈ ਮੰਗਵਾ ਕੇ ਦੇਣ ਲਈ 30 ਹਜ਼ਾਰ ਰੁਪਏ ਲੈ ਲਏ। ਪੀੜਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਮੁਲਜ਼ਮ ਪਾਲਾ ਨੇ ਕੁਝ ਦਿਨ ਬਾਅਦ ਕਿਹਾ ਕਿ ਅਮਰੀਕਾ ਤੋਂ ਜਿਹੜੀ ਦਵਾਈ ਮੰਗਵਾਈ ਸੀ, ਉਹ ਪੁਲੀਸ ਨੇ ਫੜ ਲਈ ਹੈ ਅਤੇ ਐਫਆਈਆਰ ਵਿੱਚ ਨੰਬਰਦਾਰ ਦਾ ਨਾਮ ਵੀ ਹੈ। ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਵਾਉਣ ਲਈ ਮੁਲਜ਼ਮ ਨੇ ਉਸ ਕੋਲੋਂ ਕਿਸ਼ਤਾਂ ਵਿੱਚ ਤਕਰੀਬਨ 36 ਲੱਖ ਰੁਪਏ ਲੈ ਲਏ।

ਜਦੋਂ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਪੁਲੀਸ ਨੇ ਮੁੱਢਲੀ ਪੜਤਾਲ ਦੌਰਾਨ ਮੁਲਜ਼ਮ ਹਰਪਾਲ ਸਿੰਘ ਉਰਫ਼ ਪਾਲਾ ਨੂੰ ਤਲਬ ਕੀਤਾ ਪਰ ਉਹ ਆਪਣਾ ਪੱਖ ਰੱਖਣ ਲਈ ਡੀਐਸਪੀ (ਸਿਟੀ) ਅੱਗੇ ਪੇਸ਼ ਨਹੀਂ ਹੋਇਆ।
ਉਸ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਉਸ ਦੀਆਂ ਅਜਿਹੀਆਂ ਹਰਕਤਾਂ ਕਰ ਕੇ ਬੇਦਖ਼ਲ ਕੀਤਾ ਹੋਇਆ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਕੇਸ ਦਰਜ ਕਰ ਲਿਆ ਹੈ।