Kidney: ਜਦੋਂ ਵੀ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਗੜਬੜ ਹੁੰਦੀ ਹੈ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਣ ਲੱਗ ਪੈਂਦੇ ਹਨ। ਜਿਵੇਂ ਕੁਝ ਨਵੀਆਂ ਸਿਹਤ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਚਮੜੀ, ਅੱਖਾਂ, ਵਾਲਾਂ ਅਤੇ ਪੂਰੇ ਸਰੀਰ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਗੁਰਦਾ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਜਿਸ ਵਿੱਚ ਖਰਾਬੀ ਆਉਣ 'ਤੇ ਕਈ ਤਰ੍ਹਾਂ ਦੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਹਨ।


ਖਾਸ ਕਰਕੇ ਕੁਝ ਲੱਛਣ ਹੱਥਾਂ ਅਤੇ ਪੈਰਾਂ ਵਿੱਚ ਬਹੁਤ ਜਲਦੀ ਨਜ਼ਰ ਆਉਣ ਲੱਗ ਪੈਂਦੇ ਹਨ ਪਰ ਲੋਕ ਇਨ੍ਹਾਂ ਨੂੰ ਆਸਾਨੀ ਨਾਲ ਪਛਾਣ ਨਹੀਂ ਪਾਉਂਦੇ ਹਨ ਅਤੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ ਵਿੱਚ ਨਜ਼ਰ ਆਉਣ ਲੱਗ ਜਾਂਦੇ ਆਹ ਲੱਛਣ। 


ਕਿਉਂ ਖਰਾਬ ਹੁੰਦੀ ਕਿਡਨੀ?


ਕਿਡਨੀ ਫੇਲ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਸ ਵਿੱਚ ਤੁਹਾਡੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨਾਲ ਜੁੜੀਆਂ ਗਲਤੀਆਂ ਪ੍ਰਮੁੱਖ ਹਨ। ਕਈ ਵਾਰ ਐਂਟੀਬਾਇਓਟਿਕਸ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਕਿਡਨੀਆਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਸ਼ਰਾਬ ਜਾਂ ਸਿਗਰਟ ਪੀਣ ਦੀ ਆਦਤ ਕਰਕੇ ਵੀ ਕਿਡਨੀ 'ਤੇ ਮਾੜਾ ਅਸਰ ਪੈਂਦਾ ਹੈ, ਉੱਥੇ ਹੀ ਘਰ ਅਤੇ ਕੰਮ ਵਾਲੀ ਥਾਂ ਦੇ ਆਲੇ-ਦੁਆਲੇ ਪ੍ਰਦੂਸ਼ਣ ਵੀ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।  


ਸੋਜ ਆਉਣਾ


ਜਦੋਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ, ਤਾਂ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਕਾਰਨ ਹੱਥਾਂ-ਪੈਰਾਂ ਵਿਚ ਸੋਜ ਵਧਣ ਲੱਗ ਜਾਂਦੀ ਹੈ। ਇਹ ਸੋਜ ਜੋੜਾਂ ਵਾਲੇ ਹਿੱਸੇ ਵਿੱਚ ਜ਼ਿਆਦਾ ਨਜ਼ਰ ਆਉਂਦੀ ਹੈ। ਕਈ ਵਾਰ ਕਿਡਨੀ ਫੇਲ ਹੋਣ ਕਾਰਨ ਚਿਹਰੇ 'ਤੇ ਸੋਜ ਵੱਧ ਜਾਂਦੀ ਹੈ।


ਖੁਜਲੀ ਹੋਣਾ


ਕਿਡਨੀ ਦੀ ਬਿਮਾਰੀ ਕਰਕੇ ਚਮੜੀ 'ਤੇ ਵਾਰ-ਵਾਰ ਖੁਜਲੀ, ਚਮੜੀ ਦਾ ਲਾਲ ਹੋਣਾ ਜਾਂ ਚਮੜੀ 'ਤੇ ਧੱਫੜ ਪੈਣ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।


ਮਾਸਪੇਸ਼ੀਆਂ ਵਿੱਚ ਕੜਵੱਲ ਹੋਣਾ


ਕਿਡਨੀ ਫੇਲ ਹੋਣ ਕਰਕੇ ਸਰੀਰ ਵਿੱਚ ਇਲੈਕਟ੍ਰੋਲਾਈਟ ਅਸੰਤੁਲਨ ਹੋ ਜਾਂਦਾ ਹੈ। ਇਸ ਕਰਕੇ ਮਾਸਪੇਸ਼ੀਆਂ ਵਿੱਚ ਕੜਵੱਲ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ।


ਦਰਦ ਅਤੇ ਥਕਾਵਟ ਮਹਿਸੂਸ ਹੋਣਾ


ਜਿਨ੍ਹਾਂ ਲੋਕਾਂ ਦੇ ਗੁਰਦੇ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ, ਉਹ ਛੋਟੇ-ਮੋਟੇ ਕੰਮ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਨ ਲੱਗ ਪੈਂਦੇ ਹਨ। ਦਰਅਸਲ, ਕਮਜ਼ੋਰ ਗੁਰਦਿਆਂ ਕਰਕੇ ਅਜਿਹੇ ਲੋਕਾਂ ਦੇ ਸਰੀਰ ਵਿੱਚ ਆਕਸੀਜਨ ਦੀ ਕਮੀਂ ਹੋ ਜਾਂਦੀ ਹੈ। ਇਸ ਨਾਲ ਉਹ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰ ਸਕਦੇ ਹਨ। ਉਹ ਆਪਣੇ ਹੱਥਾਂ, ਲੱਤਾਂ ਅਤੇ ਪੂਰੇ ਸਰੀਰ ਵਿੱਚ ਵੀ ਦਰਦ ਮਹਿਸੂਸ ਕਰ ਸਕਦੇ ਹਨ।