ਚੰਡੀਗੜ੍ਹ: ਟੈਕਸਾਸ ਯੂਨੀਵਰਸਿਟੀ ਵਿੱਚ ਔਰਤਾਂ ਉੱਤੇ ਹੋਈ ਖੋਜ ਦੌਰਾਨ ਪਤਾ ਲੱਗਿਆ ਕਿ ਬਲੂਬੇਰੀ ਮੋਟਾਪਾ ਘਟਾਉਂਦੀਆਂ ਹਨ। ਮੋਟਾਪੇ ਦੇ ਸੈੱਲ (ਫੈਟ ਸੈੱਲ) ਘਟਾ ਕੇ ਇਹ ਥਿੰਦਾ ਖੋਰ ਦਿੰਦੀਆਂ ਹਨ। ਲਗਾਤਾਰ ਖਾਂਦੇ ਰਹਿਣ ਨਾਲ ਬਲੱਡ ਪ੍ਰੈੱਸ਼ਰ ਵੀ 10 ਫ਼ੀਸਦੀ ਤਕ ਘੱਟ ਜਾਂਦਾ ਹੈ ਜਿਹੜਾ ਇਸ ਵਿਚਲੇ ‘ਏਕੈਂਥੋਸਾਇਆਨਿਨ’ ਸਦਕਾ ਹੈ। ਇਹ ਤੱਥ ਇੰਗਲੈਂਡ ਵਿਚਲੀ ਐਂਗਲੀਆ ਯੂਨੀਵਰਸਿਟੀ ਤੇ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਵਿੱਚ ਹੋਈ ਖੋਜ ਰਾਹੀਂ ਪਤਾ ਲੱਗੇ ਹਨ। ਏਕੈਂਥੋਸਾਇਆਨਿਨ ਤੱਤ ਸਦਕਾ ਔਰਤਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੀ 33 ਫ਼ੀਸਦੀ ਘਟ ਜਾਂਦਾ ਹੈ ਜੇ ਹਫ਼ਤੇ ਵਿੱਚ ਤਿੰਨ ਤੋਂ ਚਾਰ ਦਿਨ ਬਲੂਬੈਰੀ ਖਾ ਲਈਆਂ ਜਾਣ। ਕੈਨੇਡਾ ਦੀ ਮੈਮੋਰੀਅਲ ਯੂਨੀਵਰਸਿਟੀ ਨੇ ਬਲੂਬੈਰੀਜ਼ ਬਾਰੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇ ਪਾਰਕਿਨਸਨ ਤੇ ਹੋਰ ਯਾਦਾਸ਼ਤ ਭੁਲਾਉਣ ਵਾਲੇ ਰੋਗਾਂ ਤੋਂ ਬਚਣਾ ਹੈ ਤੇ ਦਿਮਾਗ ਤੰਦਰੁਸਤ ਰੱਖਣਾ ਹੈ ਤਾਂ ਬਲੂਬੈਰੀ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ।