ਜ਼ਿੰਦਗੀ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਕੁੱਝ ਗਲਤ ਆਦਤਾਂ ਬਿਮਾਰੀਆਂ ਨੂੰ ਸੱਦਾ ਦੇ ਦਿੰਦੀਆਂ ਹਨ। ਜਿਨ੍ਹਾਂ ਨੂੰ ਇਨਸਾਨ ਅਕਸਰ ਹੀ ਨਜ਼ਰਅੰਦਾਜ਼ ਕਰ ਦਿੰਦਾ ਹੈ ਪਰ ਬਾਅਦ ਵਿੱਚ ਇਹ ਬਿਮਾਰੀਆਂ ਘਾਤਕ ਰੂਪ ਧਾਰਨ ਕਰ ਲੈਣਦੀਆਂ ਹਨ। ਅਕਸਰ ਕੰਮ ਦੇ ਵਿੱਚ ਬਿਜ਼ੀ ਜਾਂ ਕਿਸੇ ਜ਼ਰੂਰੀ ਮੀਟਿੰਗ ਦੌਰਾਨ ਜਦੋਂ ਪੇਸ਼ਾਬ ਆਉਂਦਾ ਹੈ ਤਾਂ ਅਸੀਂ ਜਾ ਨਹੀਂ ਪਾਉਂਦੇ ਅਤੇ ਇਸਨੂੰ ਟਾਲ ਦਿੰਦੇ ਹਾਂ। ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਇਕ-ਅੱਧ ਵਾਰੀ ਪੇਸ਼ਾਬ ਰੋਕ ਲੈਣੀ ਕੋਈ ਵੱਡੀ ਗੱਲ ਨਹੀਂ, ਪਰ ਅਸਲ ਵਿੱਚ ਇਹ ਛੋਟੀਆਂ-ਛੋਟੀਆਂ ਆਦਤਾਂ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ। ਹਾਂ, ਪੇਸ਼ਾਬ ਰੋਕਣ ਨਾਲ ਕਈ ਵੱਡੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜੇ ਤੁਸੀਂ ਸਮੇਂ 'ਤੇ ਆਪਣੀ ਇਹ ਆਦਤ ਨਹੀਂ ਬਦਲਦੇ, ਤਾਂ ਤੁਹਾਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ? ਆਓ ਜਾਣੀਏ।

ਮਾਹਿਰ ਕੀ ਕਹਿੰਦੇ ਹਨ?

ਗੈਸਟ੍ਰੋ ਵਿਸ਼ੇਸ਼ਗਿਆ ਸਿੰਥੀਆ ਟੇਲਰ ਚਾਵੋਸਟੀ ਦੱਸਦੀਆਂ ਹਨ ਕਿ ਪੇਸ਼ਾਬ ਨਾਲ ਜੁੜੀਆਂ ਬਿਮਾਰੀਆਂ ਹੁਣ ਕਾਫੀ ਗੰਭੀਰ ਰੂਪ ਲੈ ਰਹੀਆਂ ਹਨ। ਅੱਜਕੱਲ੍ਹ ਲੋਕਾਂ ਨੂੰ ਪਾਣੀ ਵੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਹਾਈਡਰੇਸ਼ਨ ਦਾ ਲੈਵਲ ਠੀਕ ਰਹੇ। ਪਰ ਇਸ ਨਾਲ ਵਾਰ-ਵਾਰ ਪੇਸ਼ਾਬ ਆਉਂਦਾ ਹੈ। ਕਈ ਵਾਰ ਲੋਕ ਇਸ ਤੋਂ ਪਰੇਸ਼ਾਨ ਹੋ ਕੇ ਜਾਂ ਕੰਮ 'ਚ ਬਿਜ਼ੀ ਹੋਣ ਕਰਕੇ ਪੇਸ਼ਾਬ ਰੋਕ ਲੈਂਦੇ ਹਨ, ਜੋ ਕਿ ਠੀਕ ਆਦਤ ਨਹੀਂ ਹੈ। ਇਸ ਨਾਲ ਸਰੀਰ ਵਿੱਚ ਟੌਕਸਿਨ ਜਮਾ ਹੋ ਜਾਂਦੇ ਹਨ ਅਤੇ ਬੈਕਟੀਰੀਆ ਪੈਦਾ ਹੋ ਸਕਦੇ ਹਨ। ਜੇਕਰ ਇਹ ਆਦਤ ਸਮੇਂ ਸਿਰ ਨਾ ਬਦਲੀ ਗਈ ਤਾਂ ਇਸਦੇ ਸਾਈਡ ਇਫੈਕਟ ਸਰੀਰ ਦੇ ਹੋਰ ਅੰਗਾਂ 'ਤੇ ਵੀ ਪੈ ਸਕਦੇ ਹਨ।

ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ?

ਯੂਰੀਨਰੀ ਟ੍ਰੈਕ ਇੰਫੈਕਸ਼ਨ (UTI)

ਜੇ ਪੇਸ਼ਾਬ ਨੂੰ ਲੰਬੇ ਸਮੇਂ ਤੱਕ ਰੋਕਿਆ ਜਾਂਦਾ ਹੈ ਤਾਂ ਮੂਤ ਪ੍ਰਣਾਲੀ (ਯੂਰੀਨਰੀ ਟ੍ਰੈਕ) ਵਿੱਚ ਬੈਕਟੀਰੀਆ ਵੱਧਣ ਲੱਗ ਪੈਂਦੇ ਹਨ, ਜੋ ਯੂਰੀਨਰੀ ਟ੍ਰੈਕ ਇੰਫੈਕਸ਼ਨ ਦਾ ਕਾਰਣ ਬਣ ਸਕਦੇ ਹਨ। ਇਸ ਨਾਲ ਪੇਸ਼ਾਬ ਕਰਦਿਆਂ ਜਲਣ, ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ, ਬੁਖਾਰ ਜਾਂ ਪੇਸ਼ਾਬ ਵਿੱਚ ਬਦਬੂ ਆਉਣਾ ਆਮ ਲੱਛਣ ਹੋ ਸਕਦੇ ਹਨ।

ਅੱਜਕੱਲ੍ਹ ਯੂਟੀਆਈ (UTI) ਇੱਕ ਆਮ ਬਿਮਾਰੀ ਬਣ ਚੁੱਕੀ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਸਿਰਫ਼ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਉਹ ਪੇਸ਼ਾਬ ਆਉਣ ਦੇ ਬਾਵਜੂਦ ਸਮੇਂ ਤੇ ਨਹੀਂ ਜਾਂਦੇ ਅਤੇ ਕਾਫੀ ਦੇਰ ਤੱਕ ਪੇਸ਼ਾਬ ਨੂੰ ਰੋਕ ਕੇ ਬੈਠੇ ਰਹਿੰਦੇ ਹਨ।

ਕਿਡਨੀ ਨੂੰ ਨੁਕਸਾਨ

ਜੇ ਪੇਸ਼ਾਬ ਵਾਪਸ ਚੜ੍ਹਣ ਲੱਗੇ ਤਾਂ ਇਸ ਨਾਲ ਕਿਡਨੀ ਵਿੱਚ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਕਿਡਨੀ ਸਟੋਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਕਈ ਵਾਰੀ ਕਿਡਨੀ ਇਤਨੀ ਜ਼ਿਆਦਾ ਨੁਕਸਾਨੀ ਹੋ ਜਾਂਦੀ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਕਿਡਨੀ ਤਬਦੀਲ (ਰਿਪਲੇਸ) ਕਰਨ ਦੀ ਨੌਬਤ ਤੱਕ ਆ ਜਾਂਦੀ ਹੈ।

ਸਹੀ ਆਦਤ ਅਪਣਾਓ

  • ਪੇਸ਼ਾਬ ਨੂੰ ਲੰਬੇ ਸਮੇਂ ਤੱਕ ਰੋਕਣ ਤੋਂ ਬਚੋ।
  • ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੇਸ਼ਾਬ ਕਰ ਲਵੋ।
  • ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਵੀ ਇਕ ਵਾਰੀ ਪੇਸ਼ਾਬ ਜ਼ਰੂਰ ਕਰ ਲਵੋ।
  • ਜੇਕਰ ਤੁਸੀਂ ਕਿਸੇ ਅਜਿਹੇ ਸਥਾਨ 'ਤੇ ਜਾ ਰਹੇ ਹੋ ਜਿੱਥੇ ਵਾਸ਼ਰੂਮ ਮਿਲਣਾ ਔਖਾ ਹੋ ਸਕੇ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਪੇਸ਼ਾਬ ਕਰਨਾ ਨਾ ਭੁੱਲੋ।
  • ਪਾਣੀ ਠੀਕ ਮਾਤਰਾ ਵਿੱਚ ਪੀਓ ਤਾਂ ਜੋ ਹਾਈਡਰੇਸ਼ਨ ਬਣਿਆ ਰਹੇ, ਪਰ ਏਨਾ ਵੀ ਨਾ ਕਿ ਵਾਰ-ਵਾਰ ਪੇਸ਼ਾਬ ਆਵੇ ਅਤੇ ਓਵਰਫਲੋ ਹੋਣ ਲੱਗੇ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।