ਚੰਡੀਗੜ੍ਹ: ਕੋਰੋਨਾਵਾਇਰਸ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਹੈ। ਲੌਕਡਾਉਨ ਤੇ ਕਰਫਿਊ ਕਰਕੇ ਨਸ਼ੇ ਦੀ ਸਪਲਾਈ 'ਤੇ ਰੋਕ ਲੱਗੀ ਹੈ ਜਿਸ ਕਰਕੇ ਲੋਕਾਂ ਨੇ ਨਸ਼ਾ ਤਿਆਗਣ ਦਾ ਮਨ ਬਣਾਇਆ ਹੈ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਇਸ ਸਮੇਂ ਦੌਰਾਨ 86,371 ਨਵੇਂ ਮਰੀਜ਼ ਇਲਾਜ ਲਈ ਰਜਿਸਟਰ ਕੀਤੇ ਗਏ ਹਨ।


ਬੇਸ਼ੱਕ ਇਹ ਉਹ ਲੋਕ ਹਨ ਜੋ ਨਸ਼ਿਆਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਇਸ ਤੋਂ ਇਲਾਵਾ ਸ਼ਰਾਬ, ਬੀੜੀ-ਸਿਗਰਟ ਤੇ ਕਦੇ-ਕਦੇ ਭੁੱਕੀ ਆਦਿ ਖਾਣ ਵਾਲਿਆਂ ਨੇ ਖੁਦ ਹੀ ਨਸ਼ਿਆਂ ਤੋਂ ਤੌਬਾ ਕਰਨ ਦਾ ਮਨ ਬਣਾਇਆ ਹੈ। ਅਜਿਹੀਆਂ ਰਿਪੋਰਟਾਂ ਸਥਾਨਕ ਪੱਧਰ ਤੋਂ ਆ ਰਹੀਆਂ ਹਨ।

ਉਧਰ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਕਾਇਮ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਲੌਕਡਾਊਨ ਦੌਰਾਨ 198 ਆਊਟਪੇਸ਼ੈਂਟ ਓਪੀਓਡ ਅਸਿਸਟੇਡ ਟ੍ਰੀਟਮੈਂਟ (ਓਓਏਟੀ) ਕਲੀਨਿਕਾਂ ਵਿੱਚ ਕੁੱਲ 86,371 ਨਵੇਂ ਮਰੀਜ਼ ਇਲਾਜ ਲਈ ਰਜਿਸਟਰ ਕੀਤੇ ਗਏ ਹਨ।

ਨਸ਼ਿਆਂ ਵਿਰੁੱਧ ਜੰਗ ਵਿਚ 6 ਮਈ ਤੱਕ ਓਟ, ਨਸ਼ਾ ਛੁਡਾਉ ਕੇਂਦਰਾਂ ਤੇ ਨਿੱਜੀ ਕੇਂਦਰਾਂ ਵਿਚ 5,00,552 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਸਿਧੂ ਨੇ ਦੱਸਿਆ ਕਿ ਓਟ ਕਲੀਨਿਕਾਂ ਵਿੱਚ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਣ ਕਰਕੇ, ਮਰੀਜ਼ਾਂ ਨੂੰ ਘਰਾਂ ਵਿੱਚ ਹੀ ਦਵਾਈ ਲੈਣ ਦੀ ਮਿਆਦ 21 ਦਿਨਾਂ ਤੱਕ ਵਧਾ ਦਿੱਤੀ ਗਈ ਹੈ, ਜਿਸ ਨਾਲ ਮਰੀਜ਼ਾਂ ਤੇ ਸਟਾਫ਼ ਨੂੰ ਵੱਡੀ ਰਾਹਤ ਮਿਲੀ ਹੈ।