ਦੇਸ਼ ਭਰ ਵਿੱਚ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਦਿਨੋਦਿਨ ਵੱਧ ਰਹੇ ਹਨ। ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਕੁਝ ਸਥਿਤੀਆਂ ਵਿੱਚ ਘਾਤਕ ਵੀ ਹੋ ਸਕਦੀਆਂ ਹਨ। ਖਾਸ ਤੌਰ 'ਤੇ ਡੇਂਗੂ ਅਤੇ ਚਿਕਨਗੁਨੀਆ ਵਿਚ। ਇਨ੍ਹਾਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਨਾ ਹੋਣ 'ਤੇ ਸਰੀਰ ਦੇ ਅੰਗਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਬਣ ਜਾਂਦਾ ਹੈ।
ਡੇਂਗੂ ਬੁਖ਼ਾਰ ਦੇ ਲੱਛਣ
ਡੇਂਗੂ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ।
ਕਿਵੇਂ ਫੈਲਦਾ?
ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ, ਪਾਣੀ ਦੀਆਂ ਟੈਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ। ਇਨ੍ਹਾਂ ਵਿਚ ਪਾਣੀ ਖੜਾ ਨਾ ਹੋਣ ਦਿਤਾ ਜਾਵੇ।
ਡੇਂਗੂ ਬੁਖਾਰ ਦੌਰਾਨ ਕੀ ਖਾਈਏ ?
ਡੇਂਗੂ ਦੇ ਮਰੀਜ਼ਾਂ ਵਿੱਚ ਪਲੇਟਲੇਟਸ ਦੀ ਗਿਣਤੀ ਘੱਟ ਜਾਣਾ ਆਮ ਗੱਲ ਹੈ। ਮੰਨਿਆ ਜਾਂਦਾ ਹੈ ਕਿ ਪਪੀਤੇ ਦੇ ਪੱਤਿਆਂ ਦਾ ਜੂਸ ਪਲੇਟਲੇਟ ਦੀ ਗਿਣਤੀ ਵਧਾਉਣ ਲਈ ਬਹੁਤ ਵਧੀਆ ਹੋ ਸਕਦਾ ਹੈ। ਇਸ ਤੋਂ ਇਲਾਵਾ ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ।
ਸੰਤਰਾ, ਪਪੀਤਾ, ਅਮਰੂਦ ਅਤੇ ਸਟ੍ਰਾਬੇਰੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਇਹ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ, ਆਪਣੀ ਰੋਜ਼ਾਨਾ ਰੁਟੀਨ ਵਿੱਚ ਮੌਸਮੀ ਫਲ, ਆਂਵਲਾ, ਕਰੈਨਬੇਰੀ, ਨਿੰਬੂ ਸ਼ਾਮਲ ਕਰੋ।
ਡੇਂਗੂ ਬੁਖਾਰ ਵਿੱਚ ਪਲੇਟਲੈਟਸ ਘੱਟ ਜਾਣ ਦੀ ਸਥਿਤੀ 'ਚ ਚੁਕੰਦਰ ਅਤੇ ਗਾਜਰ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਹ ਦੋਵੇਂ ਚੀਜ਼ਾਂ ਐਂਟੀਆਕਸੀਡੈਂਟਸ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਜੋ ਖੂਨ ਦੇ ਸੈੱਲਾਂ ਦੇ ਪੁਨਰਜਨਮ ਅਤੇ ਪਲੇਟਲੇਟ ਦੀ ਗਿਣਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀਆਂ ਹਨ।
ਰੋਜ਼ਾਨਾ ਘੱਟੋ-ਘੱਟ ਦੋ ਲੀਟਰ ਪਾਣੀ ਦਾ ਸੇਵਨ ਕੀਤਾ ਜਾਵੇ ਜੋ ਆਮ ਤੰਦਰੁਸਤ ਵਿਅਕਤੀ ਲਈ ਵੀ ਫ਼ਾਇੰਦੇਮੰਦ ਹੁੰਦਾ ਹੈ। ਤਰਲ ਪਦਾਰਥ ਜਿਥੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ, ਉਥੇ ਸਰੀਰ ਨੂੰ ਜ਼ਰੂਰੀ ਪੋਸ਼ਕ ਵੀ ਦਿੰਦੇ ਹਨ। ਮੱਛਰ ਤੋਂ ਬਚਾਅ ਲਈ ਸਪਰੇਅ, ਕਰੀਮ, ਕੌਇਲ, ਮੱਛਰਦਾਨੀ ਜਾਂ ਹੋਰ ਅਸਰਦਾਰ ਤਰੀਕੇ ਵਰਤੇ ਜਾ ਸਕਦੇ ਹਨ।
ਜੇਕਰ ਕਿਸੇ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣੀ ਬੇਹੱਦ ਜਰੂਰੀ ਹੈ।