Bird Flu: ਭਾਰਤ ਵਿੱਚ ਹੁਣ ਤੱਕ ਮਨੁੱਖਾਂ ਵਿੱਚ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਖ਼ਤਰਾ ਬਣਿਆ ਹੋਇਆ ਹੈ। ਦੁਨੀਆ ਭਰ ਵਿੱਚ ਬਰਡ ਫਲੂ ਨੂੰ ਲੈਕੇ ਚਿੰਤਾਵਾਂ ਵੱਧ ਰਹੀਆਂ ਹਨ। 2021 ਤੋਂ ਲੈ ਕੇ ਹੁਣ ਤੱਕ 28 ਪੋਲਟਰੀ ਵਰਕਰ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਭਾਰਤ ਵਿੱਚ ਬਰਡ ਫਲੂ ਅਜੇ ਤੱਕ ਮਨੁੱਖਾਂ ਵਿੱਚ ਨਹੀਂ ਫੈਲਿਆ ਹੈ। ਅਧਿਕਾਰੀਆਂ ਨੇ ਆਂਧਰਾ ਪ੍ਰਦੇਸ਼ ਵਿੱਚ ਇੱਕ ਪੋਲਟਰੀ ਫਾਰਮ ਨੂੰ ਸੀਲ ਕਰ ਦਿੱਤਾ ਹੈ। 1,500 ਮੁਰਗੀਆਂ ਮਾਰੀਆਂ ਗਈਆਂ ਹਨ ਅਤੇ ਇਸ ਖੇਤਰ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਜ਼ਿਲ੍ਹੇ ਵਿੱਚ ਬਰਡ ਫਲੂ ਦੇ ਤੇਜ਼ੀ ਨਾਲ ਫੈਲਣ ਕਰਕੇ ਆਂਧਰਾ ਪ੍ਰਦੇਸ਼ ਤੋਂ ਪੋਲਟਰੀ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤੇਲੰਗਾਨਾ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਹੱਦ 'ਤੇ 24 ਚੈਕਪੁਆਇੰਟ ਸਥਾਪਿਤ ਕੀਤੇ ਹਨ।

ਬਰਡ ਫਲੂ ਵਿੱਚ ਚਿਕਨ ਖਾਣਾ ਕਿੰਨਾ ਸੁਰੱਖਿਅਤ?

ਡਾਕਟਰਾਂ ਦਾ ਕਹਿਣਾ ਹੈ ਕਿ ਬਰਡ ਫਲੂ ਦੇ ਡਰ ਦੇ ਵਿਚਕਾਰ ਜੇਕਰ ਇਸ ਦੇ ਸੰਕਰਮਣ ਦੇ ਖ਼ਤਰੇ ਨੂੰ ਘਟਾਉਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਅੰਡੇ ਅਤੇ ਚਿਕਨ ਨੂੰ ਸਹੀ ਢੰਗ ਨਾਲ ਪਕਾਇਆ ਗਿਆ ਹੈ ਜਾਂ ਨਹੀਂ। ਇਹ ਕਿਹਾ ਜਾਂਦਾ ਹੈ ਕਿ ਚੰਗੀ ਤਰ੍ਹਾਂ ਤਿਆਰ ਕੀਤੇ ਪੋਲਟਰੀ ਪ੍ਰੋਡਕਟਸ ਤੋਂ ਬਰਡ ਫਲੂ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ ਪਰ ਕਿਸੇ ਵੀ ਸੰਭਾਵੀ ਸੰਚਾਰ ਨੂੰ ਰੋਕਣ ਲਈ ਫੂਡ ਸੇਫਟੀ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਚਾਹੀਦਾ ਹੈ। ਕੱਚੇ ਚਿਕਨ ਨੂੰ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਹੱਥ, ਭਾਂਡਿਆਂ ਅਤੇ ਫਰਸ਼ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਮਾਹਿਰਾਂ ਦੇ ਅਨੁਸਾਰ, 74 ਡਿਗਰੀ ਸੈਲਸੀਅਸ 'ਤੇ ਚਿਕਨ ਪਕਾਉਣ ਨਾਲ ਏਵੀਅਨ ਇਨਫਲੂਐਂਜ਼ਾ ਵਾਇਰਸ ਸਣੇ ਸੂਖਮ ਜੀਵਾਣੂ ਨਸ਼ਟ ਹੋ ਜਾਂਦੇ ਹਨ।

ਅੰਡੇ ਖਾਣੇ ਚਾਹੀਦੇ ਜਾਂ ਨਹੀਂ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਂਡੇ ਨੂੰ ਵੀ ਪੂਰੀ ਤਰ੍ਹਾਂ ਪਕਾਉਣਾ ਚਾਹੀਦਾ ਹੈ ਤਾਂ ਜੋ ਉਸ ਵਿੱਚ ਮੌਜੂਦ ਕੀਟਾਣੂ ਨਸ਼ਟ ਹੋ ਜਾਣ। ਆਂਡੇ ਨੂੰ ਉਦੋਂ ਤੱਕ ਨਹੀਂ ਖਾਣਾ ਚਾਹੀਦਾ ਜਦੋਂ ਤੱਕ ਉਸ ਦੀ ਜ਼ਰਦੀ ਅਤੇ ਚਿੱਟਾ ਹਿੱਸਾ ਪੱਕ ਨਾ ਜਾਵੇ। ਇਸ ਤਰ੍ਹਾਂ ਖਾਣ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਉੱਚ ਤਾਪਮਾਨ 'ਤੇ ਖਾਣਾ ਪਕਾਉਣ ਨਾਲ ਵਾਇਰਸ ਨਸ਼ਟ ਹੋ ਜਾਵੇਗਾ।

ਦੁੱਧ ਅਤੇ ਦਹੀਂ ਖਾਣਾ ਕਿੰਨਾ ਸੁਰੱਖਿਅਤ?

ਮਾਹਿਰਾਂ ਦਾ ਕਹਿਣਾ ਹੈ ਕਿ ਦੁੱਧ, ਦਹੀਂ ਅਤੇ ਪਨੀਰ ਲਈ ਵੀ ਇਸੇ ਤਰ੍ਹਾਂ ਦੀ ਚਿੰਤਾ ਹਨ। Pasteurization ਕਰਕੇ ਡੇਅਰੀ ਉਤਪਾਦ ਲੈਣਾ ਸੁਰੱਖਿਅਤ ਹੈ। ਕਿਉਂਕਿ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਗਰਮ ਕੀਤਾ ਜਾਂਦਾ ਹੈ, ਇਸ ਲਈ ਬਰਡ ਫਲੂ ਦਾ ਵਾਇਰਸ ਬੇਅਸਰ ਹੋ ਜਾਂਦਾ ਹੈ। ਇਸ ਲਈ, ਤੁਸੀਂ ਬਿਨਾਂ ਕਿਸੇ ਚਿੰਤਾ ਤੋਂ ਡੇਅਰੀ ਪ੍ਰੋਡਕਟਸ ਦਾ ਸੇਵਨ ਕਰ ਸਕਦੇ ਹੋ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਮਾਨਤਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ ਜਾਂ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ।