ਭਾਰਤ ਵਿੱਚ ਸਟਰੀਟ ਫੂਡ ਦਾ ਸ਼ੌਂਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਮੋਮੋਜ਼ ਇਨ੍ਹਾਂ ਵਿੱਚ ਸਭ ਤੋਂ ਫ਼ੇਵਰਿਟ ਬਣ ਚੁੱਕੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਵਾਦਿਸ਼ਟ ਵਿਅੰਜਨ ਤੁਹਾਡੀ ਸਿਹਤ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਕਈ ਰਿਸਰਚਾਂ ਵਿੱਚ ਸਾਹਮਣੇ ਆ ਚੁੱਕਾ ਹੈ ਕਿ ਵੱਧ ਮਾਤਰਾ ਵਿੱਚ ਮੋਮੋਜ਼ (Momos ) ਖਾਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ, ਜਿਹੜੀਆਂ ਤੁਹਾਡੀ ਸਿਹਤ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਮੋਮੋਜ਼ ਦੀ ਬਾਹਰੀ ਪਰਤ ਮੈਦੇ ਨਾਲ ਬਣਾਈ ਜਾਂਦੀ ਹੈ, ਜੋ ਕਿ ਕਣਕ ਵਿੱਚੋਂ ਪ੍ਰੋਟੀਨ ਅਤੇ ਫਾਈਬਰ ਨਿਕਲਣ ਤੋਂ ਬਾਅਦ ਬਚੇ ਹੋਏ ਸਟਾਰਚ ਨਾਲ ਤਿਆਰ ਹੁੰਦਾ ਹੈ। ਮੈਦਾ ਆਸਾਨੀ ਨਾਲ ਹਜ਼ਮ ਨਹੀਂ ਹੁੰਦਾ ਅਤੇ ਅੰਤੜੀਆਂ ਵਿੱਚ ਚਿਪਕ ਸਕਦਾ ਹੈ, ਜਿਸ ਨਾਲ ਕਬਜ਼, ਗੈਸ ਅਤੇ ਪੇਟ ਫੂਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਲਾਲ ਚਟਣੀ ਵੀ ਸਿਹਤ ਨੂੰ ਪਹੁੰਚਾਉਂਦੀ ਨੁਕਸਾਨ
ਮੋਮੋਜ਼ ਨਾਲ ਪਰੋਸੀ ਜਾਂਦੀ ਤਿੱਖੀ ਲਾਲ ਚਟਣੀ ਅਕਸਰ ਘੱਟ ਗੁਣਵੱਤਾ ਵਾਲੀਆਂ ਮਿਰਚਾਂ ਨਾਲ ਬਣਾਈ ਜਾਂਦੀ ਹੈ। ਇਹ ਚਟਣੀ ਪਾਇਲਸ (ਬਵਾਸੀਰ) ਅਤੇ ਗੈਸਟ੍ਰਾਇਟਿਸ ਦਾ ਖਤਰਾ ਵਧਾ ਸਕਦੀ ਹੈ। ਇਸਨੂੰ ਵੱਧ ਮਾਤਰਾ ਵਿੱਚ ਖਾਣ ਨਾਲ ਪੇਟ ਅਤੇ ਅੰਤੜੀਆਂ ਵਿੱਚ ਜਲਣ, ਸੋਜ ਅਤੇ ਖੂਨ ਵਗਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਮੋਮੋਜ਼ ਵਿੱਚ ਵਰਤੇ ਜਾਣ ਵਾਲਾ ਮੈਦਾ ਉੱਚ ਗਲਾਇਸੈਮਿਕ ਇੰਡੈਕਸ ਵਾਲਾ ਹੁੰਦਾ ਹੈ, ਜੋ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾ ਦਿੰਦਾ ਹੈ। ਮੈਦੇ ਵਿੱਚ ਮੌਜੂਦ ਸਟਾਰਚ ਅਤੇ ਮੋਮੋਜ਼ ਵਿੱਚ ਮਿਲਾਇਆ ਜਾਂਦਾ ਮੋਨੋਸੋਡਿਯਮ ਗਲੂਟਾਮੇਟ (MSG) ਮੋਟਾਪੇ ਦਾ ਕਾਰਨ ਬਣ ਸਕਦੇ ਹਨ।
ਨਿਯਮਤ ਤੌਰ 'ਤੇ ਮੋਮੋਜ਼ ਖਾਣ ਨਾਲ ਕੋਲੇਸਟਰੋਲ ਅਤੇ ਟ੍ਰਾਈਗਲਿਸਰਾਈਡ ਦੀ ਮਾਤਰਾ ਵਧ ਸਕਦੀ ਹੈ, ਜੋ ਮੋਟਾਪੇ ਅਤੇ ਟਾਈਪ-2 ਸ਼ੂਗਰ (ਮਧੁਮੇਹ) ਦੇ ਖਤਰੇ ਨੂੰ ਵਧਾ ਸਕਦੀ ਹੈ। ਇਸ ਤੋਂ ਇਲਾਵਾ, ਮੈਦੇ ਵਿੱਚ ਮਿਲਾਏ ਜਾਣ ਵਾਲੇ ਰਸਾਇਣਿਕ ਪਦਾਰਥ ਜਿਵੇਂ ਕਿ ਬੈਂਜ਼ੋਇਲ ਪੈਰਓਆਕਸਾਈਡ ਅਤੇ ਏਜ਼ੋਡਿਕਾਰਬੋਨਾਮਾਈਡ ਪੈਨਕ੍ਰਿਆਸ (ਅਗਨਾਸ਼ੇ) ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਇੰਸੁਲਿਨ ਦੇ ਉਤਪਾਦਨ 'ਤੇ ਅਸਰ ਪੈਂਦਾ ਹੈ ਅਤੇ ਸ਼ੂਗਰ ਹੋਣ ਦਾ ਖਤਰਾ ਹੋਰ ਵਧ ਜਾਂਦਾ ਹੈ।
ਮਾੜੀ ਗੁਣਵੱਤਾ ਵਾਲੀਆਂ ਸ਼ਬਜੀਆਂ ਦੀ ਹੁੰਦੀ ਵਰਤੋਂ
ਮੋਮੋਜ਼ ਵਿੱਚ ਵਰਤੀ ਜਾਂਦੀ ਪੱਤਾ ਗੋਭੀ ਵਰਗੀਆਂ ਸਬਜ਼ੀਆਂ ਜਾਂ ਨਾਨ-ਵੈਜ ਸਟਫਿੰਗ ਜਿਵੇਂ ਚਿਕਨ ਜਾਂ ਮਾਸ਼ ਦੀ ਗੁਣਵੱਤਾ 'ਤੇ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਫੂਡ ਪੌਇਜ਼ਨਿੰਗ ਅਤੇ ਪੇਟ ਦੇ ਇੰਫੈਕਸ਼ਨ ਦਾ ਕਾਰਨ ਬਣ ਸਕਦੇ ਹਨ। 2020 ਵਿੱਚ ਇੰਸਟਿਟਿਊਟ ਆਫ਼ ਹੋਟਲ ਮੈਨੇਜਮੈਂਟ, ਕੇਟਰਿੰਗ ਐਂਡ ਨਿਊਟ੍ਰੀਸ਼ਨ, ਪੂਸਾ ਵਲੋਂ ਇਸ ਬਾਰੇ ਇੱਕ ਅਧਿਐਨ ਵੀ ਕੀਤਾ ਗਿਆ ਸੀ।
ਇਸ ਅਧਿਐਨ ਵਿੱਚ ਪਤਾ ਲੱਗਿਆ ਸੀ ਕਿ ਦਿੱਲੀ ਦੇ ਸਟਰੀਟ ਫੂਡਜ਼, ਖ਼ਾਸ ਕਰਕੇ ਮੋਮੋਜ਼ ਵਿੱਚ ਕੋਲੀਫਾਰਮ ਬੈਕਟੀਰੀਆ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਡਾਇਰੀਆ ਅਤੇ ਹੋਰ ਪਾਚਣ ਸੰਬੰਧੀ ਬਿਮਾਰੀਆਂ ਨੂੰ ਵਧਾਵਾ ਦੇ ਸਕਦੀ ਹੈ।
ਮੋਮੋਜ਼ ਵਿੱਚ ਮੌਜੂਦ ਮੈਦਾ, MSG (ਮੋਨੋਸੋਡਿਯਮ ਗਲੂਟਾਮੇਟ) ਅਤੇ ਤਿੱਖੀ ਚਟਣੀ ਦਾ ਮਿਲਾਪ ਦਿਲ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਮੈਦੇ ਵਿੱਚ ਮੌਜੂਦ ਸਟਾਰਚ ਅਤੇ MSG ਕੋਲੇਸਟਰੋਲ ਅਤੇ ਟ੍ਰਾਈਗਲਿਸਰਾਈਡ ਦੀ ਮਾਤਰਾ ਵਧਾ ਦਿੰਦੇ ਹਨ, ਜਿਸ ਕਾਰਨ ਖੂਨ ਦੀਆਂ ਨਸਾਂ ਵਿੱਚ ਪਲਾਕ ਜਮਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਵਧ ਜਾਂਦਾ ਹੈ।
ਕਈ ਰਿਸਰਚਾਂ ਵਿੱਚ ਮੋਮੋਜ਼ ਦੇ ਵੱਧ ਖਪਤ ਨਾਲ ਕੈਂਸਰ ਦਾ ਖਤਰਾ ਵੀ ਵਧਣ ਦੀ ਗੱਲ ਕੀਤੀ ਗਈ ਹੈ। ਦਰਅਸਲ, ਮੋਮੋਜ਼ ਵਿੱਚ ਵਰਤਿਆ ਜਾਣ ਵਾਲਾ MSG ਅਤੇ ਮੈਦੇ ਨੂੰ ਨਰਮ ਅਤੇ ਚਿੱਟਾ ਬਣਾਉਣ ਲਈ ਮਿਲਣ ਵਾਲੇ ਰਸਾਇਣਿਕ ਪਦਾਰਥ ਜਿਵੇਂ ਏਜੋਡਿਕਾਰਬੋਨਾਮਾਈਡ ਅਤੇ ਬੈਂਜ਼ੋਇਲ ਪੈਰਓਆਕਸਾਈਡ ਕੈਂਸਰ ਦੇ ਖਤਰੇ ਨੂੰ ਵਧਾ ਸਕਦੇ ਹਨ।