Rabies Due To Dog Licking: ਦੇਸ਼ ਅੰਦਰ ਆਵਾਰਾ ਕੁੱਤਿਆਂ ਦੇ ਕੱਟਣ ਦਾ ਮਾਮਲਾ ਗਰਮਾਇਆ ਹੋਇਆ ਹੈ। ਸੁਪਰੀਮ ਕੋਰਟ ਵੱਲੋਂ ਦਿੱਲੀ ਨੂੰ ਆਵਾਰਾ ਕੁੱਤਿਆਂ ਤੋਂ ਮੁਕਤ ਕਰਨ ਦੇ ਦਿੱਤੇ ਨਿਰਦੇਸ਼ਾਂ ਮਗਰੋਂ ਕਾਫੀ ਬਹਿਸ ਚੱਲ ਰਹੀ ਹੈ। ਅਜਿਹੇ ਵਿੱਚ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਵਾਰਾ ਕੁੱਤਿਆਂ ਦੇ ਕੱਟਣ ਨਾਲ ਹੀ ਨਹੀਂ ਸਗੋਂ ਘਰੇਲੂ ਕੁੱਤਿਆਂ ਦੇ ਚੱਟਣ ਨਾਲ ਵੀ ਰੇਬਿਜ਼ ਫੈਲ ਸਕਦੇ ਹਨ। ਅਜਿਹਾ ਹੀ ਮਾਮਲਾ ਬਦਾਊਂ ਵਿੱਚ ਸਾਹਮਣੇ ਆਇਆ ਹੈ।
ਦਰਅਸਲ ਬਦਾਊਂ ਵਿੱਚ ਹਾਲ ਹੀ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਨੇ ਇੱਕ ਵਾਰ ਫਿਰ ਰੇਬੀਜ਼ ਦੇ ਖ਼ਤਰੇ ਤੇ ਇਸ ਬਾਰੇ ਜਾਗਰੂਕਤਾ ਦੀ ਘਾਟ ਨੂੰ ਉਜਾਗਰ ਕੀਤਾ ਹੈ। ਸਹਿਸਵਾਨ ਇਲਾਕੇ ਦੇ ਇੱਕ 2 ਸਾਲ ਦੇ ਮਾਸੂਮ ਬੱਚੇ ਅਦਨਾਨ ਦੀ ਰੇਬੀਜ਼ ਕਾਰਨ ਮੌਤ ਹੋ ਗਈ। ਇਸ ਘਟਨਾ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੱਚੇ ਨੂੰ ਕੱਟਣ ਦੀ ਬਜਾਏ, ਕੁੱਤੇ ਨੇ ਉਸ ਨੂੰ ਆਪਣੀ ਜੀਭ ਨਾਲ ਚੱਟ ਲਿਆ ਤੇ ਉਸ ਨੂੰ ਰੇਬੀਜ਼ ਹੋ ਗਿਆ। ਪਰਿਵਾਰ ਨੇ ਇਸ ਘਟਨਾ ਨੂੰ ਆਮ ਸਮਝ ਕੇ ਅਣਦੇਖਾ ਕਰ ਦਿੱਤਾ, ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੇ ਬੱਚੇ ਦੀ ਜਾਨ ਗੁਆ ਕੇ ਚੁਕਾਉਣੀ ਪਈ।
ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਕੁੱਤੇ ਦੇ ਚੱਟਣ ਨਾਲ ਹੀ ਰੇਬੀਜ਼ ਹੋ ਸਕਦਾ ਹੈ? ਇਸ ਸਵਾਲ ਦਾ ਜਵਾਬ ਸਹੀ ਢੰਗ ਨਾਲ ਸਮਝਣ ਲਈ ਦੋਸਾ ਦੇ ਅਦਨਾਨ ਦੇ ਮਾਮਲੇ ਨੂੰ ਸਮਝਣਾ ਜ਼ਰੂਰੀ ਹੈ। ਦਰਅਸਲ ਇੱਕ ਮਹੀਨਾ ਪਹਿਲਾਂ ਅਦਨਾਨ ਨੂੰ ਖੇਡਦੇ ਸਮੇਂ ਸੱਟ ਲੱਗ ਗਈ। ਸੱਟ ਤੋਂ ਖੂਨ ਵਹਿਣ ਲੱਗਾ ਤੇ ਇਸ ਦੌਰਾਨ ਨੇੜੇ ਬੈਠੇ ਕੁੱਤੇ ਨੇ ਉਸ ਦੇ ਜ਼ਖ਼ਮ ਨੂੰ ਚੱਟ ਲਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਇੱਕ ਸੰਕਰਮਿਤ ਜਾਨਵਰ ਦੇ ਥੁੱਕ ਦੇ ਖੁੱਲ੍ਹੇ ਜ਼ਖ਼ਮ ਦੇ ਸੰਪਰਕ ਵਿੱਚ ਆਉਣ (ਚੱਟਣ) ਕਾਰਨ ਵੀ ਹੋ ਸਕਦੀ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ, ਰੇਬੀਜ਼ ਕੀ ਹੈ ਤੇ ਇਹ ਕਿਵੇਂ ਫੈਲਦਾ ਹੈ। ਨਾਲ ਹੀ ਇਸ ਤੋਂ ਬਚਣ ਦੇ ਤਰੀਕੇ ਕੀ ਹਨ?
ਰੇਬੀਜ਼ ਕੀ ਹੈ ਤੇ ਇਹ ਕਿਵੇਂ ਫੈਲਦਾ ਹੈ?
ਰੇਬੀਜ਼ ਇੱਕ ਘਾਤਕ ਵਾਇਰਲ ਬਿਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਦਾ ਵਾਇਰਸ, ਲਿਸਾਵਾਇਰਸ, ਸੰਕਰਮਿਤ ਜਾਨਵਰ ਦੇ ਥੁੱਕ ਵਿੱਚ ਮੌਜੂਦ ਹੁੰਦਾ ਹੈ। ਇਹ ਵਾਇਰਸ ਮੁੱਖ ਤੌਰ 'ਤੇ ਕਿਸੇ ਸੰਕਰਮਿਤ ਜਾਨਵਰ ਜਿਵੇਂ ਕੁੱਤੇ, ਬਿੱਲੀ ਜਾਂ ਬਾਂਦਰ ਦੇ ਕੱਟਣ ਜਾਂ ਖੁਰਚਣ ਦੁਆਰਾ ਸਰੀਰ ਵਿੱਚ ਦਾਖਲ ਹੁੰਦਾ ਹੈ।
ਇਹ ਵੀ ਸੱਚ ਹੈ ਕਿ ਇਹ ਵਾਇਰਸ ਕਿਸੇ ਵੀ ਖੁੱਲ੍ਹੇ ਜ਼ਖ਼ਮ ਜਾਂ ਕੱਟੀ ਹੋਈ ਚਮੜੀ 'ਤੇ ਸੰਕਰਮਿਤ ਜਾਨਵਰ ਦੇ ਥੁੱਕ ਦੇ ਸੰਪਰਕ ਵਿੱਚ ਆਉਣ ਨਾਲ ਵੀ ਫੈਲ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਸੰਕਰਮਿਤ ਕੁੱਤਾ ਤੁਹਾਡੇ ਕਿਸੇ ਵੀ ਤਾਜ਼ੇ ਜ਼ਖ਼ਮ ਜਾਂ ਖੁਰਚ ਨੂੰ ਚੱਟਦਾ ਹੈ ਤਾਂ ਰੇਬੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਅਜਿਹੀ ਕਿਸੇ ਵੀ ਘਟਨਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।