ਐਸਬੀਐਸ ਨਗਰ: ਅੱਜ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਵਿੱਚੋਂ ਇੱਕ ਬੱਚੇ ਸਮੇਤ ਚਾਰ ਮਰੀਜ਼ਾਂ ਨੂੰ ਕੋਵਿਡ-19 ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਮ੍ਰਿਤਕ ਬਲਦੇਵ ਸਿੰਘ ਦੀ ਇੱਕ ਹੋਰ ਨੂੰਹ ਤੇ ਇੱਕ ਧੀ ਦੇ ਟੈਸਟ ਲਗਾਤਾਰ ਦੂਸਰੀ ਵਾਰ ਨੈਗੇਟਿਵ ਆਏ ਹਨ। ਜ਼ਿਲ੍ਹੇ 'ਚ ਕੋਰੋਨਾਵਾਇਰਸ ਤੋਂ ਤੰਦਰੁਸਤ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਜ਼ਿਲ੍ਹਾ ਹਸਪਤਾਲ 'ਚ ਦਾਖਲ ਹੋਏ 18 ਵਿੱਚੋਂ 3 ਮਰੀਜ਼ ਇਲਾਜ ਅਧੀਨ ਬਾਕੀ ਹਨ।
ਜ਼ਿਲ੍ਹਾ ਹਸਪਤਾਲ 'ਚ 26 ਮਾਰਚ ਤੱਕ 18 ਮਰੀਜ਼ ਲਿਆਂਦੇ ਗਏ ਸਨ, ਜਿਨ੍ਹਾਂ ਦੇ ਕੋਰੋਨਾ ਵਾਇਰਸ ਟੈਸਟ ਪੌਜ਼ੇਟਿਵ ਪਏ ਗਏ ਸਨ। ਹੁਣ ਤਕ ਇਨ੍ਹਾਂ ਵਿੱਚੋਂ 15 ਮਰੀਜ਼ ਬਿਲਕੁਲ ਤੰਦਰੁਸਤ ਹੋ ਚੁੱਕੇ ਹਨ ਤੇ ਬਾਕੀ ਤਿੰਨਾਂ ਚੋਂ ਵੀ ਦੋ ਦੇ ਪਹਿਲੇ ਟੈਸਟ ਨੈਗੇਟਿਵ ਆ ਚੁੱਕੇ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਅੱਜ ਇਸ ਸਬੰਧੀ ਕੀਤੀ ਗਈ ਵਿਸ਼ੇਸ਼ ਗੱਲਬਾਤ 'ਚ ਜਿੱਥੇ ਜ਼ਿਲ੍ਹੇ 'ਚ ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਲਈ ਕੀਤੇ ਗਏ ਟੀਮ ਵਰਕ ਬਾਰੇ ਦੱਸਿਆ ਗਿਆ, ਉਥੇ ਜ਼ਿਲ੍ਹੇ ਦੇ ਲੋਕਾਂ ਵੱਲੋਂ ਬਿਮਾਰੀ ਨਾਲ ਲੜਨ ਲਈ ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਵੀ ਧੰਨਵਾਦ ਕੀਤਾ।