ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ ਤਿਆਰੀ ਵਿੱਚ ਹੈ। ਇਸ ਤਹਿਤ 30 ਸਾਲ ਦੀ ਉਮਰ ਪਾਰ ਕਰ ਚੁੱਕੇ ਵਿਅਕਤੀਆਂ ਲਈ ਬੀ.ਪੀ., ਸ਼ੂਗਰ ਤੇ ਕੈਂਸਰ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਸਰਕਾਰ ਨੇ ਜਾਂਚ ਵਿੱਚ ਫਿਲਹਾਲ ਰੀੜ੍ਹ ਦੀ ਹੱਡੀ, ਔਰਤਾਂ 'ਚ ਛਾਤੀ ਤੇ ਮੂੰਹ ਦੇ ਕੈਂਸਰ ਦੀ ਜਾਂਚ ਮੁਫ਼ਤ ਕਰਨ ਬਾਰੇ ਵਿਚਾਰ ਕਰ ਰਹੀ ਹੈ।

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿ ਹੁਣ ਘੱਟ ਉਮਰੇ ਹੀ ਲੋਕਾਂ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ, ਇਸ ਲਈ ਸਰਕਾਰ ਇੱਕ ਸਕਰੀਨਿੰਗ ਪ੍ਰੋਗਰਾਮ ਲਾਗੂ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸਾਲ ਇਹ ਪ੍ਰੋਗਰਾਮ ਦੇਸ਼ ਦੇ 100 ਜ਼ਿਲ੍ਹਿਆਂ ਵਿੱਚ ਟ੍ਰਾਇਲ ਵਜੋਂ ਲਾਗੂ ਕਰੇਗੀ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਗੋਰਖਪੁਰ ਜਿਹੀ ਘਟਨਾ ਮੁੜ ਨਾ ਵਾਪਰੇ ਇਸ ਲਈ ਕੇਂਦਰ ਦੇ ਸਾਰੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਫੂਲਪਰੂਫ ਕਰ ਦਿੱਤੀ ਹੈ। ਉਨ੍ਹਾਂ ਮੁਜ਼ੱਫ਼ਰਨਗਰ ਦੇ ਰੇਲ ਹਾਦਸੇ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਦਿੱਲੀ ਦੇ ਪ੍ਰਮੁੱਖ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਤਿਆਰ ਕਰ ਦਿੱਤੀਆ ਹਨ, ਤਾਂ ਜੋ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਭੇਜਿਆ ਜਾ ਸਕੇ।