ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਜ਼ਿਆਦਾਤਰ ਮਰੀਜ਼ ਹੱਡੀਆਂ ਟੁੱਟਣ ਕਰਕੇ ਦਾਖ਼ਲ ਹੋਏ ਹਨ। ਇਨ੍ਹਾਂ ਦੇ ਆਪ੍ਰੇਸ਼ਨ ਕਰਕੇ ਜਾਂ ਤਾਂ ਕਿਸੇ ਦੀ ਬਾਂਹ ਅਤੇ ਜਾਂ ਕਿਸੇ ਦੀ ਲੱਤ ਵਿੱਚ ਪਲੇਟ ਪਾਈ ਗਈ ਹੈ। ਮਰੀਜ਼ਾਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰੀ ਹਸਪਤਾਲ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਦੇ ਲੋਕ ਆ ਕੇ ਹੱਡੀਆਂ ਟੁੱਟਣ ਵਾਲੇ ਮਰੀਜ਼ਾਂ ਦੇ ਸਰੀਰ ਵਿੱਚ ਪਲੇਟ ਪਾ ਕੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਹਨ।
ਜਾਣਕਾਰੀ ਮੁਤਾਬਕ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਇਲਾਜ ਦੇ ਖ਼ਰਚ ਦਾ ਕੋਈ ਬਿੱਲ ਜਾਂ ਰਸੀਦ ਵੀ ਨਹੀਂ ਦਿੱਤੀ ਜਾਂਦੀ। ਹਸਪਤਾਲ ਵਿੱਚ ਦਾਖ਼ਲ ਕਈ ਮਰੀਜ਼ਾਂ ਨੇ ਬਿਆਨ ਦਿੱਤੇ ਕਿ ਉਨ੍ਹਾਂ ਨੂੰ ਲੱਗਾ ਕਿ ਸਰਕਾਰ ਵੱਲੋਂ ਦਿੱਤੇ ਭਗਤ ਪੂਰਨ ਬੀਮਾ ਕਾਰਡ ’ਤੇ ਇਲਾਜ ਹੋ ਜਾਏਗਾ ਪਰ ਹਸਪਤਾਲ ਵੱਲੋਂ ਹਜ਼ਾਰਾਂ ਦਾ ਖ਼ਰਚ ਦੱਸ ਦਿੱਤਾ ਜਾਂਦਾ ਹੈ ਤੇ ਬਿੱਲ ਵੀ ਨਹੀਂ ਦਿੱਤਾ ਜਾਂਦਾ।
ਇਸ ਮਾਮਲੇ ਸਬੰਧੀ ਬਰਨਾਲਾ ਦਿਹਾਤੀ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਸ਼ਰ੍ਹੇਆਮ ਲੁੱਟ ਹੋ ਰਹੀ ਹੈ। ਆਮ ਲੋਕਾਂ ਦੀ ਜੇਬ੍ਹ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਅਜਿਹੇ ਡਾਕਟਰਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਪੂਰੇ ਮਾਮਲੇ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਜੇ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਏਗੀ ਤਾਂ ਸਬੰਧਿਤ ਡਾਕਟਰਾਂ ਖਿਲਾਫ ਕਾਰਵਾਈ ਕੀਤੀ ਜਾਏਗੀ।