ਬਰਲਿਨ : ਜਰਮਨੀ ਤੇ ਸਵਿਟਜ਼ਰਲੈਂਡ ਦੇ ਸਿਹਤ ਵਿਗਿਆਨੀਆਂ ਨੇ ਕਿਹਾ ਹੈ ਕਿ ਚਿੰਤਾ ਰੋਗ (ਡਿਪਰੈਸ਼ਨ) ਤੋਂ ਨਿਜਾਤ ਪਾਉਣ ਬਾਅਦ ਮਰੀਜ਼ ਨੂੰ ਗਠੀਆ ਤੇ ਪਾਚਣ ਸਬੰਧੀ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਚਮੜੀ ਦੇ ਰੋਗ ਵੀ ਉਸ ਨੂੰ ਘੇਰ ਸਕਦੇ ਹਨ। ਇਨ੍ਹਾਂ ਵਿਗਿਆਨੀਆਂ ਨੇ ਆਪਣੇ ਅਧਿਐਨ ਤੋਂ ਸਿੱਟਾ ਕੱਂਢਿਆ ਹੈ ਕਿ ਇਹ ਬਿਮਾਰੀਆਂ ਜਵਾਨਾਂ ਵਿੱਚ ਵੱਧ ਹਨ।
ਉਨ੍ਹਾਂ ਮੁਤਾਬਕ ਦਿਮਾਗੀ ਤੇ ਸਰੀਰਕ ਬਿਮਾਰੀਆਂ ਵਿਚਲੇ ਤਾਲਮੇਲ ਦਾ ਅਸਰ ਵਿਅਕਤੀ ਨੂੰ ਵਧੀਆ ਜ਼ਿੰਦਗੀ ਜਿਊਣ ਦੇ ਰਾਹ ਨੂੰ ਰੋਕਦਾ ਹੈ। ਇਹੀ ਗੱਲ ਸਿਹਤ ਵਿਗਿਆਨ ਲਈ ਵੱਡੀ ਚੁਣੌਤੀ ਬਣ ਗਈ ਹੈ। ਵਿਗਿਆਨੀਆਂ ਮੁਤਾਬਕ ਜੇਕਰ ਸਰੀਰਕ ਤੇ ਦਿਮਾਗੀ ਪ੍ਰੇਸ਼ਾਨੀ ਉਮਰ ਦੇ ਸ਼ੁਰੂਆਤੀ ਦੌਰ ਵਿੱਚ ਘੇਰ ਲੈਣ ਤਾਂ ਇਸ ਦਾ ਅਸਰ ਲੰਮੇ ਸਮੇਂ ਤੱਕ ਬਰਕਰਾਰ ਰਹਿਣ ਦਾ ਖਤਰਾ ਵੱਧ ਜਾਂਦਾ ਹੈ।
ਇਸ ਅਧਿਐਨ ਵਿੱਚ ਵਿਗਿਆਨੀਆਂ ਨੇ 13 ਤੋਂ 18 ਸਾਲ ਦੇ 6483 ਨੌਜਵਾਨਾਂ ਨੂੰ ਸ਼ਾਮਲ ਕੀਤਾ ਸੀ। ਵਿਗਿਆਨੀਆਂ ਮੁਤਾਬਕ ਜੇ ਬੱਚਾ ਨਿਰਾਸ਼ਾਵਾਦ ਵਿੱਚ ਡੁੱਬ ਜਾਂਦਾ ਹੈ ਤਾਂ ਉਸ ਨੂੰ ਅਗਲੇ ਸਾਲਾਂ ਵਿੱਚ ਸਰੀਰਕ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਸਾਬਤ ਹੋਇਆ ਹੈ ਕਿ ਨਿਰਾਸ਼ਾਵਾਦ ਤੋਂ ਬਾਅਦ ਵਿਅਕਤੀ ਦੀ ਪਾਚਣ ਕਿਰਿਆ ਪ੍ਰਭਾਵਿਤ ਹੁੰਦੀ ਹੈ।