Heart Attack: ਹਾਰਟ ਅਟੈਕ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕਿਸੇ ਵੇਲੇ 50 ਸਾਲ ਦੀ ਉਮਰ ਤੋਂ ਬਾਅਦ ਹੀ ਹਾਰਟ ਅਟੈਕ ਦਾ ਖਤਰਾ ਦੱਸਿਆ ਜਾਂਦਾ ਸੀ ਪਰ ਹੁਣ 10-15 ਸਾਲ ਦੇ ਬੱਚਿਆਂ ਤੱਕ ਨੂੰ ਹਾਰਟ ਅਟੈਕ ਹੋ ਰਿਹਾ ਹੈ। ਇਸ ਗੰਭੀਰ ਸਮੱਸਿਆ ਉਪਰ ਕਾਬੂ ਪਾਉਣ ਲਈ ਦੁਨੀਆ ਭਰ ਦੇ ਵਿਗਿਆਨੀ ਖੋਜਾਂ ਕਰਨ ਲੱਗੇ ਹੋਏ ਹਨ। ਹੁਣ ਇੱਕ ਤਾਜ਼ਾ ਖੋਜ ਵਿੱਚ ਇੱਕ ਅਜਿਹੀ ਦਵਾਈ ਲੱਭੀ ਹੈ ਜਿਸ ਨਾਲ ਹਾਰਟ ਅਟੈਕ ਦਾ ਜੋਖਮ ਘਟੇਗਾ।

ਦਰਅਸਲ ਹਾਰਟ ਅਟੈਕ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ ਨੂੰ ਮੰਨਿਆ ਜਾਂਦਾ ਹੈ। ਵਿਗਿਆਨੀਆਂ ਨੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੀ ਦਵਾਈ ਲੱਭੀ ਹੈ ਜਿਸ ਨਾਲ ਹਾਰਟ ਅਟੈਕ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਦੀ ਸਮੱਸਿਆ ਕਾਫ਼ੀ ਆਮ ਹੈ। ਹੁਣ ਇਹ ਸਿਰਫ਼ ਉਮਰ ਵਧਣ ਕਰਕੇ ਹੋਣ ਵਾਲੀ ਸਮੱਸਿਆ ਨਹੀਂ ਰਹੀ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਇਸ ਦੇ ਸ਼ਿਕਾਰ ਹੁੰਦੇ ਦੇਖਿਆ ਜਾ ਰਿਹਾ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਦਾ ਕੋਈ ਇਲਾਜ ਨਹੀਂ। ਇਸ ਨੂੰ ਜੀਵਨ ਸ਼ੈਲੀ ਤੇ ਖੁਰਾਕ ਵਿੱਚ ਸੁਧਾਰ ਦੇ ਨਾਲ-ਨਾਲ ਕੁਝ ਦਵਾਈਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਹੈ, ਉਨ੍ਹਾਂ ਨੂੰ ਕੰਟਰੋਲ ਕਰਨ ਲਈ ਲਗਾਤਾਰ ਉਪਾਅ ਕਰਨੇ ਚਾਹੀਦੇ ਹਨ, ਕਿਉਂਕਿ ਇਸ ਦੀ ਬੇਕਾਬੂ ਸਥਿਤੀ ਦਿਲ ਦੀ ਸਿਹਤ ਲਈ ਗੰਭੀਰ ਸਮੱਸਿਆਵਾਂ ਵਧਾ ਸਕਦੀ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਦਿਲ ਦੇ ਦੌਰੇ ਤੇ ਸਟ੍ਰੋਕ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। 

ਬਲੱਡ ਪ੍ਰੈਸ਼ਰ ਲਈ ਪ੍ਰਭਾਵਸ਼ਾਲੀ ਦਵਾਈ ਦੀ ਖੋਜ

ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ਤੇ ਇਸ ਦਾ ਇਲਾਜ ਕੀ ਹੋ ਸਕਦਾ ਹੈ, ਇਸ ਨੂੰ ਲੈ ਕੇ ਖੋਜਕਰਤਾਵਾਂ ਨੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਵਿਗਿਆਨੀਆਂ ਦੀ ਇੱਕ ਟੀਮ ਨੇ ਨਵੀਂ ਥੈਰੇਪੀ ਦੀ ਖੋਜ ਕੀਤੀ ਹੈ ਜੋ ਸਿਸਟੋਲਿਕ ਬਲੱਡ ਪ੍ਰੈਸ਼ਰ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰ ਸਕਦੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਨੂੰ ਬੇਕਾਬੂ ਜਾਂ ਇਲਾਜ-ਰੋਧਕ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਬਹੁਤ ਪ੍ਰਭਾਵਸ਼ਾਲੀ ਦੱਸਿਆ ਹੈ। ਇਸ ਦੀ ਮਦਦ ਨਾਲ ਨਾ ਸਿਰਫ਼ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਸਗੋਂ ਇਹ ਹਾਈ ਬਲੱਡ ਪ੍ਰੈਸ਼ਰ ਕਾਰਨ ਹੋਣ ਵਾਲੀਆਂ ਕਈ ਗੰਭੀਰ ਸਮੱਸਿਆਵਾਂ ਜਿਵੇਂ ਦਿਲ ਦਾ ਦੌਰਾ ਤੇ ਸਟ੍ਰੋਕ ਦੇ ਜੋਖਮ ਨੂੰ ਵੀ ਘਟਾ ਸਕਦਾ ਹੈ।

ਲੋਰੰਡ੍ਰੋਸਟੈਟ ਨਾਮਕ ਇਸ ਦਵਾਈ ਦੇ ਕਲੀਨੀਕਲ ਅਜ਼ਮਾਇਸ਼ਾਂ ਵਿੱਚ ਚੰਗੇ ਨਤੀਜੇ ਦੇਖੇ ਗਏ ਹਨ। ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਭਾਗੀਦਾਰਾਂ ਨੂੰ ਇਹ ਦਵਾਈ (ਲੋਰੰਡ੍ਰੋਸਟੈਟ) ਦਿੱਤੀ ਗਈ ਸੀ, ਉਨ੍ਹਾਂ ਦੇ ਸਿਸਟੋਲਿਕ ਬਲੱਡ ਪ੍ਰੈਸ਼ਰ ਵਿੱਚ ਔਸਤਨ 15 ਅੰਕ ਦੀ ਕਮੀ ਦੇਖੀ ਗਈ, ਜਦੋਂ ਕਿ ਪਲੇਸਬੋ ਲੈਣ ਵਾਲਿਆਂ ਵਿੱਚ ਬਲੱਡ ਪ੍ਰੈਸ਼ਰ ਵਿੱਚ ਸਿਰਫ਼ 6-7 ਅੰਕ ਦੀ ਕਮੀ ਆਈ।

ਅਧਿਐਨ ਦੇ ਮੁੱਖ ਲੇਖਕ ਤੇ ਯੂਸੀ ਸੈਨ ਡਿਏਗੋ ਸਕੂਲ ਆਫ਼ ਮੈਡੀਸਨ ਦੇ ਦਿਲ ਦੇ ਰੋਗਾਂ ਦੇ ਮਾਹਰ ਮਾਈਕਲ ਵਿਲਕਿਨਸਨ ਕਹਿੰਦੇ ਹਨ, ਇਹ ਅਧਿਐਨ ਉਨ੍ਹਾਂ ਵਿਅਕਤੀਆਂ ਵਿੱਚ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਇੱਕ ਨਵੀਂ ਤੇ ਪ੍ਰਭਾਵਸ਼ਾਲੀ ਦਵਾਈ ਦੇ ਪ੍ਰਭਾਵ ਨੂੰ ਜਾਣਨ ਲਈ ਕੀਤਾ ਗਿਆ ਹੈ ਜਿਨ੍ਹਾਂ ਦੇ ਬਲੱਡ ਪ੍ਰੈਸ਼ਰ ਨੂੰ ਮੌਜੂਦਾ ਦਵਾਈਆਂ ਨਾਲ ਸਹੀ ਢੰਗ ਨਾਲ ਕੰਟਰੋਲ ਨਹੀਂ ਕੀਤਾ ਜਾ ਰਿਹਾ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਅਨੁਸਾਰ ਇਕੱਲੇ ਅਮਰੀਕਾ ਵਿੱਚ ਲਗਪਗ 120 ਮਿਲੀਅਨ (12 ਕਰੋੜ) ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ।

ਬਲੱਡ ਪ੍ਰੈਸ਼ਰ ਵਿੱਚ ਐਲਡੋਸਟੀਰੋਨ ਹਾਰਮੋਨ ਦੀ ਭੂਮਿਕਾ

ਐਲਡੋਸਟੀਰੋਨ ਹਾਰਮੋਨ ਨੂੰ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਦੋਂ ਇਹ ਅਸੰਤੁਲਿਤ ਹੋ ਜਾਂਦਾ ਹੈ, ਤਾਂ ਇਹ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ। ਪ੍ਰੋਫੈਸਰ ਵਿਲਕਿਨਸਨ ਨੇ ਕਿਹਾ, ਅਸੀਂ ਇਹ ਅਧਿਐਨ ਖਾਸ ਤੌਰ 'ਤੇ ਅਸੰਤੁਲਿਤ ਐਲਡੋਸਟੀਰੋਨ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਨੂੰ ਸਮਝਣ ਲਈ ਕੀਤਾ ਹੈ, ਜਿਸ ਦੇ ਨਤੀਜੇ ਚੰਗੇ ਦੇਖੇ ਗਏ ਹਨ।

ਖੋਜਕਰਤਾ ਕੀ ਕਹਿੰਦੇ?

ਖੋਜਕਰਤਾਵਾਂ ਨੇ ਕਿਹਾ ਲੋਰੰਡ੍ਰੋਸਟੈਟ ਨੇ ਹੁਣ ਤੱਕ ਆਪਣੇ ਅਜ਼ਮਾਇਸ਼ਾਂ ਵਿੱਚ ਵਾਅਦਾ ਕਰਨ ਵਾਲੇ ਨਤੀਜੇ ਦਿਖਾਏ ਹਨ, ਇਸ ਦੇ ਆਧਾਰ 'ਤੇ ਸਾਨੂੰ ਉਮੀਦ ਹੈ ਕਿ ਹੋਰ ਅਜ਼ਮਾਇਸ਼ਾਂ ਸਾਨੂੰ ਇਸ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ। ਮਾਹਿਰਾਂ ਨੇ ਕਿਹਾ ਕਿ ਜੇਕਰ ਇਸ ਦਵਾਈ ਦੇ ਅਜ਼ਮਾਇਸ਼ ਚੰਗੇ ਹਨ ਤੇ ਇਸ ਦੀ ਵਰਤੋਂ ਲਈ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਹ ਇੱਕ ਗੰਭੀਰ ਤੇ ਵਿਸ਼ਵਵਿਆਪੀ ਸਿਹਤ ਸਮੱਸਿਆ ਨੂੰ ਰੋਕਣ ਵਿੱਚ ਮਦਦਗਾਰ ਹੋ ਸਕਦਾ ਹੈ।