Health Tips: ਜੇਕਰ ਲਗਾਤਾਰ ਖਾਂਸੀ ਹੋ ਰਹੀ ਹੈ ਤਾਂ ਇਸ ਨੂੰ ਹਲਕੇ ਨਾਲ ਨਾ ਲਓ। ਇਹ ਸਮੱਸਿਆ ਹਾਰਟ ਫੇਲ੍ਹ ਤੱਕ ਦਾ ਕਾਰਨ ਵੀ ਬਣ ਸਕਦੀ ਹੈ। ਇਸ ਨੂੰ ਪਲਮੋਨਰੀ ਹਾਈਪ੍ਰਟੈਨਸ਼ਨ ਦੀ ਬਿਮਾਰੀ ਕਿਹਾ ਜਾਂਦਾ ਹੈ। ਇਸ ਬਿਮਾਰੀ ਵਿੱਚ ਦਿਲ ਤੋਂ ਫੇਫੜਿਆਂ ਵਿੱਚ ਜਾਣ ਵਾਲੀਆਂ ਨਾੜੀਆਂ ਵਿੱਚ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ। ਇਸ ਕਾਰਨ ਦਿਲ ਪ੍ਰਭਾਵਿਤ ਹੋ ਜਾਂਦਾ ਹੈ ਤੇ ਹਾਰਟ ਫੇਲ੍ਹ ਹੋ ਸਕਦਾ ਹੈ। ਹਾਰਟ ਫੇਲ੍ਹ ਦੇ ਮਾਮਲਿਆਂ ਵਿੱਚ ਅਚਾਨਕ ਮੌਤ ਦਾ ਖ਼ਤਰਾ ਵੀ ਹੁੰਦਾ ਹੈ। ਪਲਮੋਨਰੀ ਹਾਈਪ੍ਰਟੈਨਸ਼ਨ ਦੇ ਸ਼ੁਰੂਆਤੀ ਲੱਛਣਾਂ ਵਿੱਚ ਗੰਭੀਰ ਖੰਘ ਸ਼ਾਮਲ ਹੁੰਦੀ ਹੈ, ਜਿਸ ਨੂੰ ਲੋਕ ਅਣਡਿੱਠ ਕਰਦੇ ਹਨ, ਜੋ ਬਾਅਦ ਵਿੱਚ ਮੌਤ ਦਾ ਕਾਰਨ ਬਣ ਸਕਦੀ ਹੈ।


 


ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ, ਪਿਛਲੇ ਕੁਝ ਸਾਲਾਂ ਤੋਂ ਦੁਨੀਆ ਵਿੱਚ ਪਲਮੋਨਰੀ ਹਾਈਪ੍ਰਟੈਨਸ਼ਨ ਬਿਮਾਰੀ ਕਾਰਨ ਹਾਰਟ ਫੇਲ੍ਹ ਦੇ ਮਾਮਲੇ ਵੱਧ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਹਸਪਤਾਲ ਦੇਰੀ ਨਾਲ ਪਹੁੰਚਦੇ ਹਨ। ਇਸ ਦਾ ਕਾਰਨ ਇਹ ਹੈ ਕਿ ਲੋਕ ਹਾਰਟ ਫੇਲ੍ਹ ਦੇ ਲੱਛਣਾਂ ਤੋਂ ਜਾਣੂ ਨਹੀਂ ਹਨ। ਪਿਛਲੇ 10 ਸਾਲਾਂ 'ਚ ਹਾਰਟ ਫੇਲ੍ਹ ਦੇ ਮਰੀਜ਼ਾਂ ਦੀ ਗਿਣਤੀ 'ਚ 25 ਫੀਸਦੀ ਦਾ ਵਾਧਾ ਹੋਇਆ ਹੈ।



ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਮਹੱਤਵਪੂਰਨ ਹੈ ਕਿ ਖੰਘ ਪਲਮੋਨਰੀ ਹਾਈਪ੍ਰਟੈਨਸ਼ਨ ਬਿਮਾਰੀ ਦਾ ਲੱਛਣ ਕਿਵੇਂ ਹੈ ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...



ਪਲਮੋਨਰੀ ਹਾਈਪ੍ਰਟੈਨਸ਼ਨ ਕੀ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਲਮੋਨਰੀ ਹਾਈਪ੍ਰਟੈਨਸ਼ਨ ਦੀ ਬਿਮਾਰੀ ਕਾਰਨ ਫੇਫੜਿਆਂ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਵਿੱਚ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ। ਇਸ ਕਾਰਨ ਦਿਲ 'ਤੇ ਦਬਾਅ ਵਧ ਜਾਂਦਾ ਹੈ ਤੇ ਦਿਲ ਦਾ ਇੱਕ ਚੈਂਬਰ ਕਮਜ਼ੋਰ ਹੋਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ, ਦਿਲ ਲਈ ਫੇਫੜਿਆਂ ਤੇ ਸਰੀਰ ਦੇ ਹੋਰ ਅੰਗਾਂ ਨੂੰ ਖੂਨ ਦੀ ਸਪਲਾਈ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਕਾਰਨ ਹਾਰਟ ਫੇਲ੍ਹ ਹੋ ਜਾਂਗਾ ਹੈ। ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਮਰੀਜ਼ ਨੂੰ ਤੇਜ਼ ਖੰਘ ਆਉਂਦੀ ਹੈ ਤੇ ਛਾਤੀ ਵਿੱਚ ਦਰਦ ਹੁੰਦਾ ਹੈ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਏ ਤਾਂ ਸਥਿਤੀ ਵਿਗੜ ਸਕਦੀ ਹੈ।



ਪਲਮੋਨਰੀ ਹਾਈਪ੍ਰਟੈਨਸ਼ਨ ਦਾ ਮੁੱਖ ਕਾਰਨ ਫੇਫੜਿਆਂ ਦੀਆਂ ਧਮਨੀਆਂ ਦਾ ਮੋਟਾ ਹੋ ਜਾਣਾ ਹੈ। ਧਮਨੀਆਂ ਦਾ ਆਕਾਰ ਵਧਣ ਕਾਰਨ ਉਨ੍ਹਾਂ 'ਤੇ ਦਬਾਅ ਵਧ ਜਾਂਦਾ ਹੈ ਤੇ ਇਸ ਦਾ ਅਸਰ ਦਿਲ ਦੇ ਕੰਮਕਾਜ 'ਤੇ ਵੀ ਪੈਂਦਾ ਹੈ। ਕੁਝ ਮਾਮਲਿਆਂ ਵਿੱਚ ਅਚਾਨਕ ਹਾਰਟ ਫੇਲ੍ਹ ਹੁੰਦੀ ਹੈ ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਹ ਫੇਫੜਿਆਂ ਵਿੱਚ ਖੂਨ ਦੇ ਜੰਮਣ ਤੇ ਐਚਆਈਵੀ ਕਾਰਨ ਵੀ ਅਜਿਹਾ ਹੁੰਦਾ ਹੈ।


ਬਿਮਾਰੀ ਦੀ ਪਛਾਣ ਕਿਵੇਂ ਕੀਤੀ ਜਾਵੇ
ਪਲਮੋਨਰੀ ਹਾਈਪ੍ਰਟੈਨਸ਼ਨ ਦੀ ਪਛਾਣ ਕਰਨ ਲਈ ਡਾਕਟਰ ਦਿਲ ਤੇ ਫੇਫੜਿਆਂ ਦੀ ਜਾਂਚ ਕਰਦੇ ਹਨ। ਇਸ ਤੋਂ ਇਲਾਵਾ ਫੈਮਲੀ ਹਿਸਟਰੀ ਦੀ ਵੀ ਜਾਂਚ ਕੀਤੀ ਜਾਂਦੀ ਹੈ। ਇਸ ਲਈ ਐਕਸਰੇ ਤੇ ਹਾਰਟ ਕੈਥੀਟਰਾਈਜੇਸ਼ਨ ਕੀਤੀ ਜਾਂਦੀ ਹੈ। ਜੇਕਰ ਕਿਸੇ ਮਰੀਜ਼ ਨੂੰ ਲਗਾਤਾਰ ਖੰਘ, ਸਾਹ ਲੈਣ ਵਿੱਚ ਤਕਲੀਫ਼ ਤੇ ਛਾਤੀ ਵਿੱਚ ਦਰਦ ਹੋਵੇ ਤਾਂ ਇਹ ਸਾਰੇ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਕਾਰਨ ਸਮੇਂ ਸਿਰ ਰੋਗ ਦੀ ਪਛਾਣ ਹੋ ਜਾਂਦੀ ਹੈ ਤੇ ਹਾਰਟ ਫੇਲ੍ਹ ਹੋਣ ਦੇ ਖਤਰੇ ਨੂੰ ਰੋਕਿਆ ਜਾ ਸਕਦਾ ਹੈ।


ਖ਼ਰਾਬ ਜੀਵਨ ਸ਼ੈਲੀ ਵੱਡਾ ਕਾਰਨ
ਸਿਹਤ ਮਾਹਿਰਾਂ ਮੁਤਾਬਕ ਪਲਮੋਨਰੀ ਹਾਈਪ੍ਰਟੈਨਸ਼ਨ ਨੂੰ ਰੋਕਣ ਲਈ ਜੀਵਨ ਸ਼ੈਲੀ ਨੂੰ ਠੀਕ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਰੋਜ਼ਾਨਾ ਕਸਰਤ ਕਰ ਨਾ ਤੇ ਖਾਣ-ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਲਗਾਤਾਰ ਖੰਘ ਤੇ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਜਾਂ ਕੋਈ ਹੋਰ ਲੱਛਣ ਦਿਖਾਈ ਦਿੰਦੇ ਹਨ, ਤਾਂ ਡਾਕਟਰ ਦੀ ਸਲਾਹ ਲਓ। ਇਸ ਮਾਮਲੇ ਵਿੱਚ ਦੇਰੀ ਨਾ ਕਰੋ।