Health Tips: ਇਨ੍ਹੀਂ ਦਿਨੀਂ ਉੱਤਰੀ ਭਾਰਤ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਮੌਸਮ 'ਚ ਪੇਟ ਦੀ ਬੀਮਾਰੀ ਤੋਂ ਲੈ ਕੇ ਸਕਿਨ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਬਰਸਾਤ ਦੇ ਮੌਸਮ 'ਚ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਅਕਸਰ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ ਬਰਸਾਤ ਦੇ ਮੌਸਨ 'ਚ ਦਹੀਂ ਖਾਣਾ ਚਾਹੀਦਾ ਹੈ ਜਾਂ ਨਹੀਂ।
ਦਰਅਸਲ ਗਰਮੀਆਂ 'ਚ ਲੋਕ ਬਹੁਤ ਜ਼ਿਆਦਾ ਦਹੀਂ ਖਾਂਦੇ ਹਨ ਪਰ ਬਾਰਸ਼ 'ਚ ਦਹੀਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਗਰਮੀ ਜਾਂ ਬਰਸਾਤ ਤੋਂ ਬਾਅਦ ਗਰਮੀ ਤੋਂ ਬਚਣ ਲਈ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ। ਦਹੀਂ ਪੇਟ ਲਈ ਚੰਗਾ ਹੈ ਤੇ ਅੰਤੜੀਆਂ ਨੂੰ ਵੀ ਠੰਢਾ ਰੱਖਦਾ ਹੈ। ਹਾਲਾਂਕਿ ਬਾਰਸ਼ 'ਚ ਦਹੀਂ ਖਾਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਆਯੁਰਵੇਦ ਅਨੁਸਾਰ ਬਰਸਾਤ ਦੇ ਮੌਸਮ ਵਿੱਚ ਦਹੀਂ ਖਾਣ ਨਾਲ ਕਈ ਨੁਕਸਾਨ ਹੁੰਦੇ ਹਨ। ਆਯੁਰਵੇਦ ਅਨੁਸਾਰ ਦਹੀਂ ਨੂੰ ਪਚਣ ਵਿੱਚ ਸਮਾਂ ਲੱਗਦਾ ਹੈ। ਬਰਸਾਤ ਦੇ ਮੌਸਮ ਵਿੱਚ ਸਰੀਰ ਦਾ ਮੇਟਾਬੋਲਿਜ਼ਮ ਮੱਠਾ ਹੋ ਜਾਂਦਾ ਹੈ ਜਿਸ ਕਾਰਨ ਦਹੀਂ ਨੂੰ ਪਚਣ 'ਚ ਸਮਾਂ ਲੱਗਦਾ ਹੈ। ਅਜਿਹੀ ਸਥਿਤੀ 'ਚ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬਰਸਾਤ ਦੇ ਮੌਸਮ ਵਿੱਚ ਵਿਅਕਤੀ ਨੂੰ ਹਲਕਾ ਭੋਜਨ ਖਾਣਾ ਚਾਹੀਦਾ ਹੈ। ਅਜਿਹੇ 'ਚ ਦਹੀਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।
ਦਹੀਂ ਖਾਣ ਦਾ ਸਹੀ ਤਰੀਕਾ
ਸਿਹਤ ਮਾਹਿਰਾਂ ਮੁਤਾਬਕ ਬਾਰਸ਼ 'ਚ ਦਹੀਂ ਖਾਣ ਨਾਲ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਗਰਮੀਆਂ ਜਾਂ ਬਰਸਾਤ ਦੇ ਮੌਸਮ 'ਚ ਦਹੀਂ ਖਾ ਰਹੇ ਹੋ ਤਾਂ ਇਸ 'ਚ ਕੋਈ ਮਿੱਠੀ ਚੀਜ਼ ਜ਼ਰੂਰ ਪਾਓ। ਤੁਸੀਂ ਗੁੜ ਜਾਂ ਚੀਨੀ ਦੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਜ਼ਿਆਦਾ ਗਰਮੀ ਪੈਦਾ ਨਹੀਂ ਹੋਵੇਗੀ ਤੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
ਰਾਤ ਨੂੰ ਦਹੀਂ ਖਾਣ ਨਾਲ ਨੁਕਸਾਨ
ਹਾਲਾਂਕਿ ਰਾਤ ਨੂੰ ਦਹੀਂ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਹੀਂ ਨੂੰ ਹਮੇਸ਼ਾ ਦੁਪਹਿਰ ਜਾਂ ਸਵੇਰੇ ਖਾਣਾ ਚਾਹੀਦਾ ਹੈ। ਰਾਤ ਨੂੰ ਦਹੀਂ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਹੀਂ ਐਸੀਡਿਟੀ ਦਾ ਕਾਰਨ ਬਣ ਸਕਦੀ ਹੈ ਤੇ ਨਾਲ ਹੀ ਇਹ ਬਲੱਡ ਸਰਕੂਲੇਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦਹੀਂ ਨਾਲ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਜਦੋਂ ਵੀ ਤੁਸੀਂ ਦਹੀਂ ਖਾਂਦੇ ਹੋ ਤਾਂ ਇਸ 'ਚ ਮੂੰਗੀ ਦੀ ਦਾਲ, ਸ਼ਹਿਦ, ਘਿਓ, ਚੀਨੀ ਤੇ ਆਂਵਲਾ ਮਿਲਾ ਕੇ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ।