Fatty Liver: ਅਜੋਕੇ ਦੌਰ ਵਿੱਚ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਦੇਸ਼ ਵਿੱਚ ਹਰ ਤੀਜੇ ਵਿਅਕਤੀ ਨੂੰ ਫੈਟੀ ਲਿਵਰ ਦੀ ਬਿਮਾਰੀ ਦੀ ਸਮੱਸਿਆ ਹੋ ਸਕਦੀ ਹੈ। ਇਹ ਦਾਅਵਾ ਸਰਕਾਰੀ ਅੰਕੜਿਆਂ ਵਿੱਚ ਕੀਤਾ ਗਿਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਨੂੰ ਤਾਂ ਕਾਫੀ ਸਮਾਂ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ। ਉਹ ਕਿਸੇ ਹੋਰ ਮਰਜ਼ ਦਾ ਹੀ ਇਲਾਜ ਕਰਵਾਉਂਦੇ ਰਹੇ ਹਨ। ਇਸ ਦੇ ਨਾਲ ਹੀ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਨੂੰ ਨਿਯਮਤ ਖੁਰਾਕ ਦਾ ਹਿੱਸਾ ਬਣਾਉਣ ਨਾਲ ਜਿਗਰ ਦੇ ਕੰਮਕਾਜ ਨੂੰ ਸਹੀ ਰੱਖਣ ਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।
ਦਰਅਸਲ ਅੱਜ-ਕੱਲ੍ਹ ਹਰ ਉਮਰ ਦੇ ਲੋਕਾਂ ਵਿੱਚ ਜਿਗਰ ਦੀਆਂ ਬਿਮਾਰੀਆਂ ਦਾ ਖ਼ਤਰਾ ਦੇਖਿਆ ਜਾ ਰਿਹਾ ਹੈ। ਬੱਚੇ ਹੋਣ ਜਾਂ ਬਜ਼ੁਰਗ ਸਾਰੇ ਇਸ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨੇ ਜਿਗਰ ਨਾਲ ਸਬੰਧਤ ਸਮੱਸਿਆਵਾਂ ਵਿੱਚ ਕਾਫ਼ੀ ਵਾਧਾ ਕੀਤਾ ਹੈ। ਦੇਸ਼ ਦੀ ਇੱਕ ਵੱਡੀ ਨੌਜਵਾਨ ਆਬਾਦੀ ਜਿਗਰ ਵਿੱਚ ਚਰਬੀ ਵਧਣ (ਫੈਟੀ ਲਿਵਰ) ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹਰ ਤੀਜੇ ਵਿਅਕਤੀ ਨੂੰ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਸ਼ੂਗਰ ਤੇ ਹੋਰ ਮੈਟਾਬੋਲਿਕ ਵਿਕਾਰਾਂ ਕਾਰਨ ਹੋਣ ਵਾਲੀ ਇਸ ਬਿਮਾਰੀ ਦਾ ਖ਼ਤਰਾ ਉਨ੍ਹਾਂ ਲੋਕਾਂ ਵਿੱਚ ਵੀ ਤੇਜ਼ੀ ਨਾਲ ਵਧਦਾ ਦੇਖਿਆ ਜਾ ਰਿਹਾ ਹੈ ਜੋ ਸ਼ਰਾਬ ਵੀ ਨਹੀਂ ਪੀਂਦੇ। ਪਿਛਲੇ ਸਾਲ ਰਾਜਧਾਨੀ ਦਿੱਲੀ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਸਕੱਤਰ ਅਪੂਰਵ ਚੰਦਰਾ ਨੇ ਸਾਰੇ ਦੇਸ਼ ਵਾਸੀਆਂ ਨੂੰ ਇਸ ਵਧ ਰਹੇ ਖ਼ਤਰੇ ਤੋਂ ਬਚਣ ਲਈ ਲਗਾਤਾਰ ਯਤਨ ਕਰਦੇ ਰਹਿਣ ਦੀ ਸਲਾਹ ਦਿੱਤੀ ਸੀ। ਫੈਟੀ ਲੀਵਰ ਦੀ ਸਮੱਸਿਆ ਤੋਂ ਬਚਣ ਦੇ ਤਰੀਕੇ ਬਾਰੇ ਇੱਕ ਤਾਜ਼ਾ ਅਧਿਐਨ ਵਿੱਚ ਖੋਜਕਰਤਾਵਾਂ ਨੇ ਇੱਕ ਪ੍ਰਭਾਵਸ਼ਾਲੀ ਤਰੀਕਾ ਦੱਸਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਇਸ ਜਿਗਰ ਦੀ ਬਿਮਾਰੀ ਦੇ ਜੋਖਮ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਹੋ।
ਅਮਰੀਕਾ ਦੇ ਫਲੋਰੀਡਾ ਦੇ ਇੱਕ ਹਸਪਤਾਲ ਦੇ ਗੈਸਟ੍ਰੋਐਂਟਰੌਲੋਜਿਸਟ ਡਾ. ਜੋਸਫ਼ ਸਲਹਾਬ ਨੇ ਕਿਹਾ ਕਿ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਨੂੰ ਨਿਯਮਤ ਖੁਰਾਕ ਦਾ ਹਿੱਸਾ ਬਣਾਉਣ ਨਾਲ ਜਿਗਰ ਦੇ ਕੰਮਕਾਜ ਨੂੰ ਸਹੀ ਰੱਖਣ ਤੇ ਫੈਟੀ ਲੀਵਰ ਵਰਗੀਆਂ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਮੈਗਨੀਸ਼ੀਅਮ ਦੇ ਸਿਹਤ ਲਾਭਾਂ ਬਾਰੇ ਦੱਸਿਆ ਹੈ। ਅਧਿਐਨ ਦਰਸਾਉਂਦੇ ਹਨ ਕਿ ਜੋ ਲੋਕ ਜ਼ਿਆਦਾ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਖਾਂਦੇ ਹਨ, ਉਨ੍ਹਾਂ ਵਿੱਚ ਫੈਟੀ ਲੀਵਰ ਦਾ ਜੋਖਮ ਘੱਟ ਹੁੰਦਾ ਹੈ।
ਅਧਿਐਨ ਦਰਸਾਉਂਦੇ ਹਨ ਕਿ ਖੁਰਾਕ ਵਿੱਚ ਮੈਗਨੀਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਖਾਸ ਕਰਕੇ ਫੈਟੀ ਲੀਵਰ ਦੀ ਬਿਮਾਰੀ ਦੇ ਮਾਮਲਿਆਂ ਵਿੱਚ ਇਹ ਸੋਜਸ਼, ਇਨਸੁਲਿਨ ਪ੍ਰਤੀਰੋਧ ਤੇ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ। ਇਹ ਸਾਰੀਆਂ ਸਥਿਤੀਆਂ ਜਿਗਰ ਦੀ ਸਿਹਤ ਨੂੰ ਪ੍ਰਭਾਵਤ ਕਰਦੀਆਂ ਹਨ। ਖੋਜ ਸੁਝਾਅ ਦਿੰਦੀ ਹੈ ਕਿ ਡਾਕਟਰੀ ਸਲਾਹ 'ਤੇ ਮੈਗਨੀਸ਼ੀਅਮ ਦਾ ਢੁਕਵਾਂ ਸੇਵਨ ਜਾਂ ਪੂਰਕ ਫੈਟੀ ਲਿਵਰ ਬਿਮਾਰੀ ਦੇ ਵਿਕਾਸ ਨੂੰ ਮੱਠਾ ਕਰ ਸਕਦਾ ਹੈ, ਜਿਸ ਨਾਲ ਸਬੰਧਤ ਪੇਚੀਦਗੀਆਂ ਦਾ ਜੋਖਮ ਘੱਟ ਜਾਂਦਾ ਹੈ।
ਮੈਗਨੀਸ਼ੀਅਮ ਸਰੀਰ ਵਿੱਚ ਸੋਜਸ਼ ਪ੍ਰਤੀਕ੍ਰਿਆਵਾਂ ਨੂੰ ਨਿਯਮਤ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ। ਸੋਜਸ਼ ਦੀਆਂ ਸਥਿਤੀਆਂ ਸਿੱਧੇ ਤੌਰ 'ਤੇ ਗੈਰ-ਅਲਕੋਹਲਿਕ ਫੈਟੀ ਲਿਵਰ ਬਿਮਾਰੀ (ਸ਼ਰਾਬ ਤੋਂ ਬਿਨਾਂ ਜਿਗਰ ਵਿੱਚ ਚਰਬੀ ਵਧਣ ਦੀ ਬਿਮਾਰੀ) ਨੂੰ ਵਧਾਉਂਦੀਆਂ ਪਾਈਆਂ ਗਈਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਗਰ ਦੀਆਂ ਬਿਮਾਰੀਆਂ ਤੋਂ ਬਚਣ ਤੇ ਫੈਟੀ ਲਿਵਰ ਦੀ ਸਮੱਸਿਆ ਨੂੰ ਘਟਾਉਣ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਕੀਤਾ ਜਾ ਸਕਦਾ ਹੈ, ਜੋ ਸਰੀਰ ਲਈ ਮੈਗਨੀਸ਼ੀਅਮ ਦੀ ਲੋੜੀਂਦੀ ਮਾਤਰਾ ਨੂੰ ਪੂਰਾ ਕਰ ਸਕਦੀਆਂ ਹਨ?
ਡਾਇਟੀਸ਼ੀਅਨ ਕਹਿੰਦੇ ਹਨ ਕਿ ਸਾਨੂੰ ਨਿਯਮਿਤ ਤੌਰ 'ਤੇ ਖੁਰਾਕ ਰਾਹੀਂ 400-420 ਮਿਲੀਗ੍ਰਾਮ ਮੈਗਨੀਸ਼ੀਅਮ ਦੀ ਲੋੜ ਹੁੰਦੀ ਹੈ। ਕੱਦੂ ਦੇ ਬੀਜ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਲਕ, ਬੀਨਜ਼, ਡਾਰਕ ਚਾਕਲੇਟ, ਬਦਾਮ ਤੇ ਕਾਜੂ ਦਾ ਸੇਵਨ ਕਰਕੇ ਵੀ ਮੈਗਨੀਸ਼ੀਅਮ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਗਰ ਨਾਲ ਸਬੰਧਤ ਅਜਿਹੀਆਂ ਗੰਭੀਰ ਬਿਮਾਰੀਆਂ ਨੂੰ ਰੋਕਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਭਾਰ ਨੂੰ ਕਾਬੂ ਵਿੱਚ ਰੱਖੋ। ਇੱਕ ਸਿਹਤਮੰਦ ਖੁਰਾਕ ਲਓ ਜਿਸ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ ਤੇ ਸਿਹਤਮੰਦ ਚਰਬੀ ਭਰਪੂਰ ਹੋਵੇ। ਇਸ ਤੋਂ ਇਲਾਵਾ ਸ਼ਰਾਬ, ਖੰਡ ਤੇ ਨਮਕ ਦੀ ਖਪਤ ਘੱਟ ਤੋਂ ਘੱਟ ਕਰੋ।