Deaths Due to Heart Attacks in Punjab: ਪੂਰੀ ਦੁਨੀਆ ਵਿੱਚ ਤੰਦਰੁਸਤੀ ਲਈ ਜਾਣੇ ਜਾਂਦੇ ਪੰਜਾਬ ਵਿੱਚ ਹਾਰਟ ਅਟੈਕ ਕਹਿਰ ਬਣ ਰਿਹਾ ਹੈ। ਸੂਬੇ ਵਿੱਚ ਦਿਲ ਦੇ ਦੌਰੇ ਨਾਲ ਮੌਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਹਿਮ ਗੱਲ਼ ਹੈ ਕਿ ਪਹਿਲਾਂ 50 ਤੋਂ 60 ਸਾਲ ਦੀ ਉਮਰ ਦੇ ਲੋਕਾਂ ਵਿੱਚ ਦਿਲ ਦੀ ਬਿਮਾਰੀ ਤੇ ਦਿਲ ਦੇ ਦੌਰੇ ਦੇ ਮਾਮਲੇ ਵੇਖੇ ਜਾਂਦੇ ਸਨ, ਪਰ ਹੁਣ ਨੌਜਵਾਨ ਵੀ ਇਸ ਦੀ ਜਕੜ ਵਿੱਚ ਆ ਰਹੇ ਹਨ। ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 35 ਪ੍ਰਤੀਸ਼ਤ ਮੌਤਾਂ ਦਿਲ ਦੇ ਦੌਰੇ ਜਾਂ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਕਾਰਨ ਹੁੰਦੀਆਂ ਹਨ।

Continues below advertisement

ਇਹ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ। ਪੰਜਾਬ ਦੀ ਖੁਰਾਕ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਇਸ ਲਈ ਪੰਜਾਬੀਆਂ ਦੀ ਸਿਹਤ ਨਰੋਈ ਰਹਿੰਦੀ ਹੈ ਪਰ ਪਿਛਲੇ ਕੁਝ ਦਹਾਕਿਆਂ ਦੌਰਾਨ ਸਭ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਤਣਾਅ, ਮਾੜੀ ਖੁਰਾਕ, ਸਰੀਰਕ ਗਤੀਵਿਧੀਆਂ ਦੀ ਘਾਟ ਤੇ ਸਿਗਰਟਨੋਸ਼ੀ ਕਰਕੇ ਨੌਜਵਾਨਾਂ ਵਿੱਚ ਵੀ ਦਿਲ ਦੇ ਦੌਰੇ ਦਾ ਖਤਰਾ ਵਧ ਗਿਆ ਹੈ। ਇਸ ਦੀ ਗੰਭੀਰਤਾ ਨੂ ਦੇਖਦੇ ਹੋਏ ਪੰਜਾਬ ਸਰਕਾਰ ਕਸਰਤ ਕਰਨ ਜਾਂ ਖੇਡਾਂ ਖੇਡਦੇ ਸਮੇਂ ਦਿਲ ਦੇ ਦੌਰੇ ਦੇ ਕਾਰਨਾਂ ਦੀ ਪਛਾਣ ਕਰਨ ਲਈ ਇੱਕ ਅਧਿਐਨ ਕਰ ਰਹੀ ਹੈ ਤਾਂ ਜੋ ਇਨ੍ਹਾਂ ਮਾਮਲਿਆਂ ਨੂੰ ਘਟਾਉਣ ਲਈ ਢੁਕਵੇਂ ਕਦਮ ਚੁੱਕੇ ਜਾ ਸਕਣ। ਸਰਕਾਰ ਨੇ ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਖੋਜ ਵਿਭਾਗ ਦੀ 2017 ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਦਿਲ ਦੀ ਬਿਮਾਰੀ ਘਾਤਕ ਹੁੰਦੀ ਜਾ ਰਹੀ ਹੈ। ਇਸ ਕਾਰਨ 15 ਤੋਂ 39 ਸਾਲ ਦੀ ਉਮਰ ਵਰਗ ਵਿੱਚ ਸਭ ਤੋਂ ਵੱਧ ਮੌਤਾਂ  21.7 ਪ੍ਰਤੀਸ਼ਤ ਹੋ ਰਹੀਆਂ ਹਨ। ਜਦੋਂ ਕਿ 40 ਤੋਂ 69 ਸਾਲ ਦੀ ਉਮਰ ਵਰਗ ਵਿੱਚ ਇਸ ਬਿਮਾਰੀ ਦਾ 44.2 ਪ੍ਰਤੀਸ਼ਤ ਲੋਕ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ 70 ਸਾਲ ਤੋਂ ਵੱਧ ਉਮਰ ਵਰਗ ਵਿੱਚ ਹਾਰਟ ਅਟੈਕ ਨਾਲ ਸਭ ਤੋਂ ਵੱਧ ਮੌਤਾਂ 46.6 ਪ੍ਰਤੀਸ਼ਤ ਹੋ ਰਹੀਆਂ ਹਨ।

Continues below advertisement

ਬੀਐਮ ਬਿਰਲਾ ਹਾਰਟ ਹਸਪਤਾਲ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਪੱਛਮੀ ਬੰਗਾਲ ਤੇ ਪੰਜਾਬ ਵਿੱਚ 35 ਪ੍ਰਤੀਸ਼ਤ ਤੋਂ ਵੱਧ ਮੌਤਾਂ ਦਿਲ ਦੀ ਬਿਮਾਰੀ ਕਾਰਨ ਹੁੰਦੀਆਂ ਹਨ। ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਚਾਰ ਵਿੱਚੋਂ ਇੱਕ ਮੌਤ ਦਿਲ ਦੀ ਬਿਮਾਰੀ ਕਾਰਨ ਹੁੰਦੀ ਹੈ। ਦਿਲ ਦੀ ਬਿਮਾਰੀ ਨਾਲ ਸਬੰਧਤ ਜ਼ਿਆਦਾਤਰ ਮੌਤਾਂ ਸਮੇਂ ਤੋਂ ਪਹਿਲਾਂ ਹੁੰਦੀਆਂ ਹਨ ਤੇ ਸਹੀ ਉਪਾਵਾਂ ਨਾਲ ਰੋਕੀਆਂ ਜਾ ਸਕਦੀਆਂ ਹਨ। ਦਿਲ ਦੀ ਬਿਮਾਰੀ ਔਰਤਾਂ, ਬੱਚਿਆਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ।

ਪੰਜਾਬ ਵਿੱਚ ਦਿਲ ਦੇ ਦੌਰੇ ਦੇ ਮੁੱਖ ਕਾਰਨ

1. ਸਰੀਰਕ ਗਤੀਵਿਧੀਆਂ ਦੀ ਘਾਟ, ਬਦਲਦੀ ਜੀਵਨ ਸ਼ੈਲੀ, ਜ਼ਿਆਦਾ ਬੈਠਣ ਵਾਲੀ ਜੀਵਨ ਸ਼ੈਲੀ ਤੇ ਮੋਟਾਪਾ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦੇ ਹਨ।

2. ਮਾੜੀਆਂ ਖਾਣ-ਪੀਣ ਦੀਆਂ ਆਦਤਾਂ, ਚਰਬੀ ਵਾਲੇ ਭੋਜਨ, ਜੰਕ ਫੂਡ ਤੇ ਪ੍ਰੋਸੈਸਡ ਭੋਜਨ ਦਾ ਜ਼ਿਆਦਾ ਸੇਵਨ ਦਿਲ ਦੀਆਂ ਧਮਨੀਆਂ ਵਿੱਚ ਪਲੇਕ ਇਕੱਠਾ ਕਰਨ ਦਾ ਕਾਰਨ ਬਣਦਾ ਹੈ, ਜਿਸ ਨਾਲ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਆਉਂਦੀ ਹੈ।

3. ਲੋਕਾਂ ਵਿੱਚ ਵਧਿਆ ਹੋਇਆ ਤਣਾਅ ਤੇ ਨਿਰੰਤਰ ਚਿੰਤਾ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।

4. ਹਾਈ ਬਲੱਡ ਪ੍ਰੈਸ਼ਰ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦਾ ਹੈ। ਇਹ ਦਿਲ 'ਤੇ ਦਬਾਅ ਪਾਉਂਦਾ ਹੈ।

5. ਸ਼ੂਗਰ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਕਾਫ਼ੀ ਵਧਾ ਦਿੰਦੀ ਹੈ। ਇਹ ਦਿਲ ਨੂੰ ਪ੍ਰਭਾਵਿਤ ਕਰਨ ਲਈ ਹੋਰ ਬਿਮਾਰੀਆਂ ਨਾਲ ਸੰਪਰਕ ਕਰਦੀ ਹੈ।

6. ਸਿਗਰਟਨੋਸ਼ੀ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਿਲ ਲਈ ਬਹੁਤ ਨੁਕਸਾਨਦੇਹ ਹੈ ਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦੀ ਹੈ।

7. ਜੈਨੇਟਿਕ ਕਾਰਕ ਵੀ ਲੋਕਾਂ ਨੂੰ ਦਿਲ ਦੀ ਬਿਮਾਰੀ ਦੇ ਜੋਖਮ ਵਿੱਚ ਪਾਉਂਦੇ ਹਨ। ਅਜਿਹੇ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਦੀ ਕਸਰਤ ਕਰਨ ਤੋਂ ਪਹਿਲਾਂ ਮਾਹਰ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।

8. ਭੋਜਨ ਮਿਲਾਵਟ ਤੇ ਰਸਾਇਣਾਂ ਦੀ ਵਰਤੋਂ ਦਾ ਵਧਦਾ ਜੋਖਮ ਵੀ ਦਿਲ ਦੀਆਂ ਬਿਮਾਰੀਆਂ ਦੇ ਵਾਧੇ ਵਿੱਚ ਯੋਗਦਾਨ ਪਾ ਰਿਹਾ ਹੈ।

9. ਢੁਕਵੀਂ ਨੀਂਦ ਦੀ ਘਾਟ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਦਿਲ ਦੀ ਬਿਮਾਰੀ ਦਾ ਜੋਖਮ ਵਧਦਾ ਹੈ।

10. ਹੱਥੀਂ ਕੰਮ ਘੱਟ ਕਰਨ ਕਰਕੇ ਵੀ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ।