ਅੱਜਕੱਲ ਦੀ ਦੌੜਭੱਜ ਵਾਲੀ ਜ਼ਿੰਦਗੀ ਵਿੱਚ ਵਧਦਾ ਤਣਾਅ, ਖਰਾਬ ਜੀਵਨਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਵਰਕਆਊਟ ਦੀ ਘਾਟ ਲੋਕਾਂ ਲਈ ਸਿਹਤ ਨਾਲ ਜੁੜੀਆਂ ਕਈ ਗੰਭੀਰ ਚੁਣੌਤੀਆਂ ਲੈ ਕੇ ਆ ਰਹੀਆਂ ਹਨ। ਹਾਲ ਹੀ ਵਿੱਚ 'ਦ ਲੈਂਸੇਟ' ਜਰਨਲ ਵਿੱਚ ਛਪੇ ਇੱਕ ਅਧਿਐਨ ਅਨੁਸਾਰ, ਸਾਲ 2000 ਤੋਂ 2019 ਤੱਕ 204 ਦੇਸ਼ਾਂ ਵਿੱਚ ਗੈਰ-ਸੰਚਾਰੀ ਬਿਮਾਰੀਆਂ (NCDs) ਨਾਲ ਹੋਣ ਵਾਲੀਆਂ ਮੌਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿੱਚ ਪਤਾ ਲੱਗਿਆ ਕਿ ਜਿੱਥੇ ਵਿਸ਼ਵ ਪੱਧਰ 'ਤੇ ਇਨ੍ਹਾਂ ਬਿਮਾਰੀਆਂ ਨਾਲ ਮੌਤ ਦੀ ਸੰਭਾਵਨਾ ਘਟੀ ਹੈ, ਉੱਥੇ ਹੀ ਭਾਰਤ ਵਿੱਚ ਇਹ ਸੰਭਾਵਨਾ ਵਧੀ ਹੈ। ਇਸਦਾ ਮਤਲਬ ਹੈ ਕਿ 2010 ਤੋਂ 2019 ਦੇ ਦਰਮਿਆਨ ਭਾਰਤ ਵਿੱਚ ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ NCDs ਨਾਲ ਮੌਤ ਦੀ ਦਰ ਵਧੀ ਹੈ। ਦੱਸਣ ਯੋਗ ਹੈ ਕਿ NCDs ਵਿੱਚ ਦਿਲ ਦੀਆਂ ਬਿਮਾਰੀਆਂ, ਕੈਂਸਰ, ਸ਼ੂਗਰ ਅਤੇ ਸਾਂਹ ਨਾਲ ਸੰਬੰਧਿਤ ਪੁਰਾਣੀਆਂ ਬਿਮਾਰੀਆਂ ਸ਼ਾਮਲ ਹਨ। ਇਹ ਖੋਜ ਵਿਸ਼ਵ ਸਿਹਤ ਸੰਸਥਾ (WHO) ਦੇ ਖੋਜਕਰਤਾਵਾਂ ਨਾਲ ਮਿਲਕੇ ਕੀਤੀ ਗਈ।
ਲਿੰਗ ਅਧਾਰਿਤ ਅਸਮਾਨਤਾ
ਭਾਰਤ ਵਿੱਚ 2019 ਵਿੱਚ ਜਨਮ ਤੋਂ 80 ਸਾਲ ਦੀ ਉਮਰ ਤੱਕ NCDs ਨਾਲ ਮੌਤ ਦੀ ਸੰਭਾਵਨਾ ਮਹਿਲਾਵਾਂ ਲਈ ਲਗਭਗ 48.7 ਫੀਸਦੀ ਸੀ, ਜਦਕਿ ਇਹ ਅੰਕੜਾ ਪੁਰਸ਼ਾਂ ਵਿੱਚ 57.9 ਫੀਸਦੀ ਰਿਹਾ। ਹਾਲਾਂਕਿ 2001 ਵਿੱਚ ਮਹਿਲਾਵਾਂ ਲਈ ਇਹ ਸੰਭਾਵਨਾ 46.7 ਫੀਸਦੀ ਅਤੇ 2010 ਵਿੱਚ 46.6 ਫੀਸਦੀ ਸੀ, ਜੋ 2019 ਵਿੱਚ ਵੱਧ ਕੇ 48.7 ਫੀਸਦੀ ਹੋ ਗਈ। ਪੁਰਸ਼ਾਂ ਵਿੱਚ ਇਹ ਅੰਕੜਾ 2001 ਵਿੱਚ 56 ਫੀਸਦੀ, 2010 ਵਿੱਚ 57.8 ਫੀਸਦੀ ਅਤੇ 2019 ਵਿੱਚ 57.9 ਫੀਸਦੀ ਰਿਹਾ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਚੀਨ, ਮਿਸਰ, ਨਾਈਜੀਰੀਆ, ਰੂਸ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਦੋਵੇਂ ਲਿੰਗਾਂ ਲਈ ਗੈਰ-ਸੰਚਾਰੀ ਬਿਮਾਰੀਆਂ ਕਾਰਨ ਮੌਤ ਦੀ ਦਰ ਘਟੀ ਹੈ, ਜਦਕਿ ਭਾਰਤ ਅਤੇ ਪਾਪੁਆ ਨਿਊ ਗਿਨੀ ਵਿੱਚ ਦੋਵੇਂ ਲਿੰਗਾਂ ਲਈ ਇਹ ਦਰ ਵਧੀ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਜ਼ਿਆਦਾਤਰ ਦੇਸ਼ਾਂ ਵਿੱਚ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਕਾਰਨ ਮੌਤਾਂ ਵਿੱਚ ਕਮੀ ਆਈ ਹੈ, ਜੋ ਲੰਬੇ ਸਮੇਂ ਵਾਲੀਆਂ ਬਿਮਾਰੀਆਂ ਨਾਲ ਮੌਤ ਦੀ ਦਰ ਘਟਣ ਦਾ ਸਭ ਤੋਂ ਵੱਡਾ ਕਾਰਨ ਹੈ।
ਭਾਰਤ ਵਿੱਚ NCD ਬਿਮਾਰੀਆਂ ਦੇ ਕਾਰਨ
ਭਾਰਤ ਵਿੱਚ NCDs ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਹੈ, ਅਤੇ ਇਨ੍ਹਾਂ ਦੋਹਾਂ ਨਾਲ ਜੁੜੀਆਂ ਮੌਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਕਾਰਨ ਸਾਂਹ ਨਾਲ ਸੰਬੰਧਿਤ ਪੁਰਾਣੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਰਿਹਾ ਹੈ। ਅਧਿਐਨ ਵਿੱਚ ਸਾਹਮਣੇ ਆਇਆ ਕਿ ਖਰਾਬ ਖੁਰਾਕ, ਸਰੀਰਕ ਸਰਗਰਮੀ ਦੀ ਘਾਟ, ਤੰਬਾਕੂ ਤੇ ਸ਼ਰਾਬ ਦਾ ਸੇਵਨ ਅਤੇ ਹਵਾ ਪ੍ਰਦੂਸ਼ਣ ਵਰਗੇ ਕਾਰਕ NCDs ਦੇ ਖਤਰੇ ਨੂੰ ਵਧਾ ਰਹੇ ਹਨ। ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਅਜੇ ਵੀ ਸੰਚਾਰੀ ਬਿਮਾਰੀਆਂ (ਜਿਵੇਂ ਮਲੇਰੀਆ, ਟੀਬੀ) ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ, ਜਦਕਿ NCDs ‘ਤੇ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ।
NCD ਬਿਮਾਰੀਆਂ ਨਾਲ ਨਿਪਟਣ ਲਈ ਵੱਧ ਨਿਵੇਸ਼ ਦੀ ਮੰਗ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੇ ਸਤਤ ਵਿਕਾਸ ਲਕਸ਼ਾਂ ਤਹਿਤ 2030 ਤੱਕ NCD ਕਾਰਨ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨੂੰ ਇੱਕ-ਤਿਹਾਈ ਘਟਾਉਣ ਦਾ ਵਾਅਦਾ ਕੀਤਾ ਗਿਆ ਹੈ, ਪਰ ਭਾਰਤ ਵਰਗੇ ਦੇਸ਼ਾਂ ਵਿੱਚ ਇਸ ਲਈ ਵੱਧ ਨਿਵੇਸ਼ ਦੀ ਲੋੜ ਹੈ। ਆਉਣ ਵਾਲੀ ਚੌਥੀ ਹਾਈ-ਲੇਵਲ ਮੀਟਿੰਗ ਆਫ ਯੂ.ਐਨ. ਜਨਰਲ ਅਸੈਂਬਲੀ (25 ਸਤੰਬਰ) ਤੋਂ ਪਹਿਲਾਂ, ਇਹ ਅਧਿਐਨ ਪੁਰਾਣੀਆਂ ਬਿਮਾਰੀਆਂ ਨਾਲ ਨਿਪਟਣ ਲਈ ਵੱਧ ਨਿਵੇਸ਼ ਕਰਨ ਅਤੇ ਲੋੜਵੰਦ ਲੋਕਾਂ ਤੱਕ ਸਹੂਲਤ ਪਹੁੰਚਾਉਣ ਦੀ ਮੰਗ ਕਰਦਾ ਹੈ।
ਦੱਸਣ ਯੋਗ ਹੈ ਕਿ ਇਹ ਅਧਿਐਨ ਯੂਕੇ ਦੇ ਮੈਡੀਕਲ ਰਿਸਰਚ ਕੌਂਸਲ, ਨੈਸ਼ਨਲ ਇੰਸਟੀਟਿਊਟ ਫੋਰ ਹੈਲਥ ਐਂਡ ਕੇਅਰ ਰਿਸਰਚ (NIHR) ਅਤੇ NCD ਅਲਾਇੰਸ ਵੱਲੋਂ ਵਿੱਤ-ਸਹਾਇਤਾ ਪ੍ਰਾਪਤ ਹੈ, ਜਿਸ ਵਿੱਚ WHO ਦੇ ਖੋਜਕਰਤਾ ਵੀ ਸ਼ਾਮਲ ਸਨ। ਇਹ ਪਹਿਲਾ ਵਿਸ਼ਵ ਪੱਧਰੀ ਵਿਸ਼ਲੇਸ਼ਣ ਹੈ ਜੋ ਰਾਸ਼ਟਰੀ ਪੱਧਰ ‘ਤੇ ਪੁਰਾਣੀਆਂ ਬਿਮਾਰੀਆਂ ਨਾਲ ਜੁੜੀਆਂ ਮੌਤਾਂ ਵਿੱਚ ਹੋ ਰਹੇ ਬਦਲਾਵਾਂ ਨੂੰ ਟਰੈਕ ਕਰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।