ਖਰਾਬ ਜੀਵਨ ਸ਼ੈਲੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਹਾਈ ਬਲੱਡ ਸ਼ੂਗਰ ਸਭ ਤੋਂ ਆਮ ਹੈ। ਅਕਸਰ ਅਸੀਂ ਵਧਦੇ ਸ਼ੂਗਰ ਦੇ ਪੱਧਰ ਨੂੰ ਸਿਰਫ਼ ਡਾਇਬਟੀਜ਼ ਨਾਲ ਜੋੜਦੇ ਹਾਂ, ਪਰ ਡਾਇਬਟੀਜ਼ ਸਿਰਫ਼ ਬਲੱਡ ਸ਼ੂਗਰ ਨਾਲ ਸਬੰਧਤ ਬਿਮਾਰੀ ਨਹੀਂ ਹੈ। ਸੱਚਾਈ ਇਹ ਹੈ ਕਿ ਇਹ ਦਿਲ ਲਈ ਵੀ ਬਹੁਤ ਖਤਰਨਾਕ ਹੈ। ਮੈਡੀਕਲ ਰਿਪੋਰਟਾਂ ਮੁਤਾਬਕ, ਡਾਇਬਟੀਜ਼ ਵਾਲੇ ਮਰੀਜ਼ਾਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਆਮ ਲੋਕਾਂ ਦੇ ਮੁਕਾਬਲੇ ਲਗਭਗ ਦੋ ਤੋਂ ਚਾਰ ਗੁਣਾ ਜ਼ਿਆਦਾ ਹੁੰਦਾ ਹੈ।
ਆਕਾਸ਼ ਹੈਲਥਕੇਅਰ ਦੇ ਕਾਰਡੀਓਲੋਜੀ ਵਿਭਾਗ ਦੇ ਡਾ. ਆਸ਼ੀਸ਼ ਅਗਰਵਾਲ ਦੱਸਦੇ ਹਨ ਕਿ ਇਸ ਦਾ ਮੁੱਖ ਕਾਰਨ ਲਗਾਤਾਰ ਵਧਿਆ ਹੋਇਆ ਸ਼ੂਗਰ ਪੱਧਰ ਹੈ, ਜੋ ਨਾੜੀਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਸਰੀਰ ਦਾ ਖੂਨ ਸੰਚਾਰ ਪ੍ਰਭਾਵਿਤ ਹੁੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਸ਼ੁਗਰ ਅਤੇ ਬਲੱਡ ਪ੍ਰੈਸ਼ਰ ਮੈਨੇਜ ਕਰਨਾ ਕਿਉਂ ਹੈ ਜ਼ਰੂਰੀ?
ਐਕਸਪਰਟਾਂ ਦਾ ਕਹਿਣਾ ਹੈ ਕਿ ਡਾਇਬਟੀਜ਼ ਮਰੀਜ਼ਾਂ ਲਈ ਸਿਰਫ਼ ਸ਼ੂਗਰ ਲੈਵਲ ਕੰਟਰੋਲ ਕਰਨਾ ਹੀ ਕਾਫੀ ਨਹੀਂ ਹੁੰਦਾ, ਬਲਕਿ ਬਲੱਡ ਪ੍ਰੈਸ਼ਰ ਅਤੇ ਕੋਲੇਸਟਰੋਲ ਨੂੰ ਵੀ ਸੰਤੁਲਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਉੱਚ ਬੀਪੀ ਅਤੇ ਵਧਿਆ ਹੋਇਆ ਕੋਲੇਸਟਰੋਲ ਦੋਵੇਂ ਹੀ ਦਿਲ ਦੇ ਦੌਰੇ ਦੇ ਮੁੱਖ ਕਾਰਣ ਬਣ ਸਕਦੇ ਹਨ, ਅਤੇ ਡਾਇਬਟੀਜ਼ ਇਨ੍ਹਾਂ ਦੋਹਾਂ ਦੇ ਖਤਰੇ ਨੂੰ ਹੋਰ ਵਧਾ ਦਿੰਦੀ ਹੈ। ਇਸ ਕਰਕੇ ਮਰੀਜ਼ਾਂ ਨੂੰ ਆਪਣੇ ਸ਼ੂਗਰ, ਬੀਪੀ ਅਤੇ ਕੋਲੈਸਟਰੋਲ ਦੀ ਨਿਯਮਤ ਜਾਂਚ ਕਰਵਾਈ ਰਹਿਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।
ਹੈਲਦੀ ਡਾਇਟ ਅਤੇ ਜੀਵਨਸ਼ੈਲੀ 'ਚ ਬਦਲਾਅ ਕਿਉਂ ਹਨ ਜ਼ਰੂਰੀ?
ਡਾਕਟਰ ਸਲਾਹ ਦਿੰਦੇ ਹਨ ਕਿ ਡਾਇਬਟੀਜ਼ ਮਰੀਜ਼ਾਂ ਨੂੰ ਰੋਜ਼ ਘੱਟੋ-ਘੱਟ 30 ਮਿੰਟ ਤੇਜ਼ ਵਾਕ ਕਰਨੀ ਚਾਹੀਦੀ ਹੈ। ਖੁਰਾਕ ਵਿੱਚ ਹਰੀ ਸਬਜ਼ੀਆਂ, ਸਲਾਦ, ਫਲ, ਸਾਬਤ ਅਨਾਜ ਅਤੇ ਘੱਟ ਚਰਬੀ ਵਾਲੇ ਪ੍ਰੋਟੀਨ ਸ਼ਾਮਲ ਕਰਨੇ ਚਾਹੀਦੇ ਹਨ। ਜੰਕ ਫੂਡ, ਮਿਠੀਆਂ ਪੀਣ ਵਾਲੀਆਂ ਚੀਜ਼ਾਂ, ਪ੍ਰੋਸੈੱਸਡ ਭੋਜਨ ਅਤੇ ਵੱਧ ਨਮਕ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਪੂਰੀ ਨੀਂਦ ਲੈਣੀ, ਤਣਾਅ ਨੂੰ ਕੰਟਰੋਲ ਕਰਨਾ ਅਤੇ ਧੂਮਪਾਨ ਤੇ ਸ਼ਰਾਬ ਤੋਂ ਦੂਰੀ ਬਣਾਈ ਰੱਖਣੀ ਵੀ ਦਿਲ ਦੀ ਸਿਹਤ ਲਈ ਜ਼ਰੂਰੀ ਗੱਲਾਂ ਹਨ।
ਨਿਯਮਤ ਜਾਂਚ ਨਾਲ ਹੋ ਸਕਦੀ ਹੈ ਬਚਾਅ
ਕਈ ਵਾਰੀ ਡਾਇਬਟੀਜ਼ ਮਰੀਜ਼ਾਂ ਵਿੱਚ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ ਸਾਫ਼ ਨਹੀਂ ਦਿਖਾਈ ਦਿੰਦੇ, ਇਸ ਲਈ ਸਾਲ ਵਿੱਚ ਘੱਟੋ-ਘੱਟ ਇੱਕ ਵਾਰੀ ਈ.ਸੀ.ਜੀ. ਅਤੇ ਦਿਲ ਦੀ ਸਿਹਤ ਦੀ ਪੂਰੀ ਜਾਂਚ ਕਰਵਾਣੀ ਚਾਹੀਦੀ ਹੈ। ਸਮੇਂ 'ਤੇ ਬਿਮਾਰੀ ਦੀ ਪਛਾਣ ਅਤੇ ਇਲਾਜ ਕਰਕੇ ਹਾਰਟ ਅਟੈਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।