How Long Chicken Can Be Stored in Fridge: ਚਿਕਨ ਜਾਂ ਮਟਨ ਨੂੰ ਪ੍ਰੋਟੀਨ ਦਾ ਭੰਡਾਰ ਮੰਨਿਆ ਜਾਂਦਾ ਹੈ। ਦੁਨੀਆ ਭਰ ਦੇ ਲੋਕ ਪ੍ਰੋਟੀਨ ਲਈ ਆਪਣੀ ਖੁਰਾਕ ਵਿੱਚ ਚਿਕਨ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਹਾਲਾਂਕਿ ਸਿਹਤਮੰਦ ਤੇ ਸਵਾਦਿਸ਼ਟ ਚਿਕਨ ਲੱਖਾਂ ਬੈਕਟੀਰੀਆ ਨਾਲ ਸੰਕਰਮਿਤ ਹੁੰਦਾ ਹੈ। ਇਸ ਲਈ ਚਿਕਨ ਨੂੰ ਕਿਵੇਂ ਸਟੋਰ ਕਰਨਾ ਹੈ, ਇਸ ਨੂੰ ਕਿਵੇਂ ਪਕਾਉਣਾ ਹੈ ਤੇ ਪਕਾਉਣ ਤੋਂ ਬਾਅਦ ਇਸ ਨੂੰ ਕਿਵੇਂ ਸਟੋਰ ਕਰਨਾ ਹੈ, ਇਹ ਬਹੁਤ ਮਹੱਤਵਪੂਰਨ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਨੂੰ ਸਹੀ ਢੰਗ ਨਾਲ ਸਟੋਰ ਨਹੀਂ ਕੀਤਾ ਜਾਂਦਾ ਤਾਂ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾਤਰ ਲੋਕ ਬਾਜ਼ਾਰ ਤੋਂ ਕੱਚਾ ਚਿਕਨ ਲਿਆਉਂਦੇ ਹਨ ਤੇ ਇਸ ਨੂੰ ਫਰਿੱਜ ਵਿੱਚ ਰੱਖ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਚਿਕਨ ਨੂੰ ਕਿੰਨੇ ਦਿਨਾਂ ਲਈ ਫਰਿੱਜ ਵਿੱਚ ਰੱਖਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਚਿਕਨ ਕਿੰਨੇ ਦਿਨਾਂ ਲਈ ਫਰਿੱਜ ਵਿੱਚ ਰੱਖਣ ਨਾਲ ਸੰਕਰਮਿਤ ਹੋ ਜਾਂਦਾ ਹੈ।
ਯਾਨੀ ਚਿਕਨ ਨੂੰ ਕਿੰਨੇ ਦਿਨਾਂ ਲਈ ਫਰਿੱਜ ਵਿੱਚ ਰੱਖਣ ਨਾਲ ਕੋਈ ਬਿਮਾਰੀ ਨਹੀਂ ਹੋਵੇਗੀ। ਹੈਲਥਲਾਈਨ ਦੀ ਖ਼ਬਰ ਅਨੁਸਾਰ ਸੰਯੁਕਤ ਰਾਜ ਦੇ ਖੇਤੀਬਾੜੀ ਵਿਭਾਗ ਦੇ ਹਵਾਲੇ ਨਾਲ ਇਹ ਦੱਸਿਆ ਗਿਆ ਹੈ ਕਿ ਕੱਚੇ ਚਿਕਨ ਨੂੰ 1 ਜਾਂ 2 ਦਿਨਾਂ ਤੋਂ ਵੱਧ ਸਮੇਂ ਲਈ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਭਾਵ ਤਾਪਮਾਨ ਕਿੰਨਾ ਵੀ ਘੱਟ ਹੋਏ ਕੱਚੇ ਚਿਕਨ ਨੂੰ ਇੱਕ ਜਾਂ ਦੋ ਦਿਨ ਤੋਂ ਵੱਧ ਨਹੀਂ ਰੱਖਿਆ ਜਾਣਾ ਚਾਹੀਦਾ।
ਲੰਬੇ ਸਮੇਂ ਤੱਕ ਕਿਉਂ ਨਹੀਂ ਰੱਖਣਾ ਚਾਹੀਦਾ
ਰਿਪੋਰਟ ਅਨੁਸਾਰ ਕੱਚੇ ਚਿਕਨ ਨੂੰ 2 ਦਿਨਾਂ ਤੋਂ ਵੱਧ ਸਮੇਂ ਲਈ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ, ਜਦੋਂਕਿ ਪੱਕੇ ਹੋਏ ਚਿਕਨ ਨੂੰ 3 ਤੋਂ 4 ਦਿਨਾਂ ਤੋਂ ਵੱਧ ਸਮੇਂ ਲਈ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਚਿਕਨ ਨੂੰ ਫਰਿੱਜ ਵਿੱਚ ਰੱਖਣ ਨਾਲ ਬੈਕਟੀਰੀਆ ਦੇ ਵਾਧੇ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ। ਜੇਕਰ ਫਰਿੱਜ ਦਾ ਤਾਪਮਾਨ 4 ਡਿਗਰੀ ਤੋਂ ਘੱਟ ਰਹਿੰਦਾ ਹੈ ਤਾਂ ਚਿਕਨ ਵਿੱਚ ਬੈਕਟੀਰੀਆ ਦਾ ਵਾਧਾ ਬਹੁਤ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਕੱਚੇ ਚਿਕਨ ਨੂੰ ਲੀਕ-ਪਰੂਫ ਡੱਬੇ ਵਿੱਚ ਰੱਖਣਾ ਬਿਹਤਰ ਹੈ।
ਇਹ ਚਿਕਨ ਨੂੰ ਲੀਕ ਹੋਣ ਤੋਂ ਰੋਕਦਾ ਹੈ ਤੇ ਇਹ ਕਿਸੇ ਹੋਰ ਭੋਜਨ ਪਦਾਰਥ ਨੂੰ ਦੂਸ਼ਿਤ ਨਹੀਂ ਕਰਦਾ। ਪਕਾਏ ਹੋਏ ਚਿਕਨ ਨੂੰ ਏਅਰਟਾਈਟ ਕੰਟੇਨਰ ਵਿੱਚ ਫ੍ਰੀਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕੱਚੇ ਚਿਕਨ ਨੂੰ ਲੰਬੇ ਸਮੇਂ ਲਈ ਸਟੋਰ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਫ੍ਰੀਜ਼ਰ ਵਿੱਚ ਰੱਖੋ। ਇਸ ਨਾਲ ਬੈਕਟੀਰੀਆ ਦੇ ਸੰਕਰਮਿਤ ਹੋਣ ਦਾ ਖ਼ਤਰਾ ਘੱਟ ਜਾਵੇਗਾ। ਇਹੀ ਨਿਯਮ ਮਟਨ 'ਤੇ ਲਾਗੂ ਹੁੰਦਾ ਹੈ।
ਖਰਾਬ ਚਿਕਨ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ
ਜੇਕਰ ਚਿਕਨ ਨੂੰ ਉੱਚ ਤਾਪਮਾਨ 'ਤੇ ਫਰਿੱਜ ਵਿੱਚ ਰੱਖਿਆ ਜਾਂਦਾ ਹੈ ਤਾਂ ਬੈਕਟੀਰੀਆ ਦਾ ਤੇਜ਼ੀ ਨਾਲ ਵਾਧਾ ਵਧੇਰੇ ਹੋਵੇਗਾ। ਇਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਦਾ ਖ਼ਤਰਾ ਵਧ ਜਾਵੇਗਾ। ਖਰਾਬ ਹੋਏ ਚਿਕਨ ਵਿੱਚ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਅੱਗ 'ਤੇ ਪਕਾਉਣ ਤੋਂ ਬਾਅਦ ਵੀ ਨਹੀਂ ਜਾਂਦੇ। ਇਸ ਨਾਲ ਠੰਢ, ਮਤਲੀ, ਉਲਟੀਆਂ, ਦਸਤ, ਖੂਨੀ ਟੱਟੀ ਤੇ ਡੀਹਾਈਡਰੇਸ਼ਨ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਹਸਪਤਾਲ ਜਾਣ ਦੀ ਜ਼ਰੂਰਤ ਹੋ ਸਕਦੀ ਹੈ ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਕਿਵੇਂ ਸਮਝੀਏ ਫਰਿੱਜ ਵਿੱਚ ਰੱਖਿਆ ਚਿਕਨ ਖਰਾਬ ਹੋ ਗਿਆ
ਜੇ ਤੁਸੀਂ ਲੰਬੇ ਸਮੇਂ ਲਈ ਚਿਕਨ ਨੂੰ ਫਰਿੱਜ ਵਿੱਚ ਰੱਖਦੇ ਹੋ ਤਾਂ ਇਹ ਖਰਾਬ ਹੋ ਜਾਵੇਗਾ। ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਨੂੰ ਕਿਵੇਂ ਪਛਾਣਿਆ ਜਾਵੇ।
1. ਰੰਗ ਵਿੱਚ ਤਬਦੀਲੀ - ਜੇਕਰ ਫਰਿੱਜ ਵਿੱਚ ਰੱਖਿਆ ਚਿਕਨ ਸਲੇਟੀ ਤੇ ਹਰਾ ਹੋ ਜਾਂਦਾ ਹੈ ਤਾਂ ਸਮਝ ਲਓ ਕਿ ਚਿਕਨ ਖਰਾਬ ਹੋ ਗਿਆ ਹੈ। ਇਹ ਚਿਕਨ ਬਹੁਤ ਸਾਰੇ ਬੈਕਟੀਰੀਆ ਨਾਲ ਦੂਸ਼ਿਤ ਹੋ ਗਿਆ ਹੈ।
2. ਬਦਬੂ - ਜੇਕਰ ਫਰਿੱਜ ਵਿੱਚ ਰੱਖਿਆ ਚਿਕਨ ਬਦਬੂ ਮਾਰਨ ਲੱਗ ਪਵੇ, ਤਾਂ ਸਮਝ ਲਓ ਕਿ ਚਿਕਨ ਸੜ ਗਿਆ ਹੈ। ਇਸ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਖਾਣਾ ਚਾਹੀਦਾ। ਭਾਵੇਂ ਪੱਕਿਆ ਹੋਇਆ ਚਿਕਨ ਫਰਿੱਜ ਵਿੱਚ ਰੱਖਿਆ ਹੋਏ ਪਰ ਇਸ ਵਿੱਚੋਂ ਬਦਬੂ ਅਮੋਨੀਆ ਵਰਗੀ ਆਏ ਤਾਂ ਇਹ ਖਰਾਬ ਹੋ ਗਿਆ ਹੈ।
3. ਬਣਤਰ - ਖਰਾਬ ਹੋਏ ਚਿਕਨ ਦੀ ਬਣਤਰ ਵੀ ਬਦਲ ਜਾਂਦੀ ਹੈ। ਇਸ ਸਥਿਤੀ ਵਿੱਚ ਚਿਕਨ ਨੂੰ ਧੋਣ ਨਾਲ ਵੀ ਬੈਕਟੀਰੀਆ ਨਹੀਂ ਹਟਣਗੇ, ਸਗੋਂ ਜਿਸ ਭਾਂਡੇ ਵਿੱਚ ਤੁਸੀਂ ਚਿਕਨ ਧੋ ਰਹੇ ਹੋ, ਉਹ ਵੀ ਦੂਸ਼ਿਤ ਹੋ ਜਾਵੇਗਾ।