ਡਿਲੀਵਰੀ ਤੋਂ ਬਾਅਦ ਬੱਚੇ ਦੇ ਨਾਲ-ਨਾਲ ਮਾਂ ਨੂੰ ਵੀ ਖ਼ਾਸ ਧਿਆਨ ਦੀ ਲੋੜ ਹੁੰਦੀ ਹੈ। ਇਸ ਸਮੇਂ ਦੌਰਾਨ ਘਰ ਦੀਆਂ ਵੱਡੀਆਂ ਔਰਤਾਂ ਇਹ ਜ਼ਿੰਮੇਵਾਰੀ ਨਿਭਾਉਂਦੀਆਂ ਹਨ। ਇਸ ਕਰਕੇ ਅਕਸਰ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਰਹੇ ਨੁਸਖ਼ੇ ਅੱਜ ਵੀ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਆਮ ਧਾਰਣਾ ਇਹ ਹੈ ਕਿ ਡਿਲੀਵਰੀ ਤੋਂ ਬਾਅਦ ਔਰਤਾਂ ਨੂੰ ਆਪਣਾ ਸਿਰ ਤੇ ਕੰਨ ਢੱਕ ਕੇ ਰੱਖਣੇ ਚਾਹੀਦੇ ਹਨ। ਇਸਦੇ ਪਿੱਛੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਅਜਿਹਾ ਨਾ ਕਰਨ ਨਾਲ ਕੰਨ ਵਿੱਚ ਹਵਾ ਭਰ ਜਾਂਦੀ ਹੈ। ਇਸ ਕਰਕੇ ਕਈ ਔਰਤਾਂ ਤਪਦੀ ਗਰਮੀ ਵਿੱਚ ਵੀ ਸਿਰ ‘ਤੇ ਸਕਾਰਫ਼ ਜਾਂ ਦੁਪੱਟਾ ਬੰਨ੍ਹ ਕੇ ਰੱਖਦੀਆਂ ਹਨ। ਪਰ ਸਵਾਲ ਇਹ ਹੈ ਕਿ ਕੀ ਵਾਕਈ ਅਜਿਹਾ ਕਰਨ ਦੀ ਲੋੜ ਹੈ ਜਾਂ ਇਹ ਸਿਰਫ਼ ਸੁਣੀ-ਸੁਣਾਈ ਗੱਲ ਹੈ? ਇਸਦੇ ਪਿੱਛੇ ਕੋਈ ਸਾਇੰਟਿਫਿਕ ਕਾਰਨ ਹੈ ਵੀ ਜਾਂ ਨਹੀਂ? ਆਓ ਜਾਣਦੇ ਹਾਂ ਇਸ ਬਾਰੇ ਡਾਕਟਰਾਂ ਦੀ ਰਾਏ।

ਆਖਿਰ ਕਿਉਂ ਬਣ ਗਈ ਇਹ ਧਾਰਣਾ?

ਅਕਸਰ ਕਿਹਾ ਜਾਂਦਾ ਹੈ ਕਿ ਜੇ ਡਿਲੀਵਰੀ ਤੋਂ ਬਾਅਦ ਔਰਤਾਂ ਆਪਣੇ ਸਿਰ ਅਤੇ ਕੰਨ ਨਾ ਢੱਕਣ ਤਾਂ ਉਨ੍ਹਾਂ ਦੇ ਮਗਜ਼ ਤੇ ਕੰਨ ਵਿੱਚ ਹਵਾ ਭਰ ਜਾਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਮੰਨਣ ਦੇ ਪਿੱਛੇ ਕਈ ਕਾਰਣ ਹੋ ਸਕਦੇ ਹਨ। ਦਰਅਸਲ ਪੁਰਾਣੇ ਸਮੇਂ ਵਿੱਚ ਜਾਣਕਾਰੀ ਦੀ ਘਾਟ ਸੀ। ਇਸ ਕਰਕੇ ਡਿਲੀਵਰੀ ਤੋਂ ਬਾਅਦ ਜੋ ਡਿਪ੍ਰੈਸ਼ਨ, ਟੈਂਸ਼ਨ, ਐਂਜਾਇਟੀ ਆਮ ਹੁੰਦੀ ਹੈ, ਉਸਨੂੰ ਕੰਨ ਵਿੱਚ ਹਵਾ ਭਰਨ ਦਾ ਲੱਛਣ ਮੰਨ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਹਾਰਮੋਨ ਹੌਲੀ-ਹੌਲੀ ਨਾਰਮਲ ਹੁੰਦੇ ਹਨ, ਜਿਸ ਕਰਕੇ ਹਲਕਾ ਸਿਰਦਰਦ ਵੀ ਰਹਿੰਦਾ ਹੈ। ਇਸੇ ਕਰਕੇ ਇਹ ਧਾਰਣਾ ਬਣੀ ਕਿ ਸਿਰ ਤੇ ਕੰਨ ਢੱਕ ਕੇ ਰੱਖਣ ਨਾਲ ਔਰਤਾਂ ਸੁਰੱਖਿਅਤ ਰਹਿੰਦੀਆਂ ਹਨ।

ਡਾਕਟਰਾਂ ਦੀ ਰਾਏ ਕੀ ਹੈ?

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਧਾਰਣਾ (ਮਿੱਥ) ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਜੇ ਮੌਸਮ ਠੰਡਾ ਹੋਵੇ ਤੇ ਤੁਸੀਂ ਸਕਾਰਫ਼ ਪਹਿਨਣਾ ਚਾਹੁੰਦੇ ਹੋ ਤਾਂ ਪਹਿਨ ਸਕਦੇ ਹੋ, ਪਰ ਇਹ ਕੋਈ ਲਾਜ਼ਮੀ ਗੱਲ ਨਹੀਂ ਕਿ ਹਰ ਔਰਤ ਨੂੰ ਡਿਲੀਵਰੀ ਤੋਂ ਬਾਅਦ ਸਕਾਰਫ਼ ਹੀ ਪਹਿਨਣਾ ਚਾਹੀਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਡਿਲੀਵਰੀ ਤੋਂ ਬਾਅਦ ਔਰਤਾਂ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣ, ਸਮੇਂ-ਸਮੇਂ 'ਤੇ ਡਾਕਟਰ ਦੀ ਸਲਾਹ ਲੈਂਦੀਆਂ ਰਹਿਣ, ਆਪਣੀ ਖੁਰਾਕ ਅਤੇ ਆਰਾਮ ਦਾ ਪੂਰਾ ਖਿਆਲ ਰੱਖਣ। ਕਿਸੇ ਵੀ ਮਿੱਥ ਨੂੰ ਅੱਖਾਂ ਬੰਦ ਕੇ ਮੰਨਣ ਦੀ ਬਜਾਏ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰਨੀ ਚਾਹੀਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।