Mixing Herbal and Prescription Medicines : ਅੱਜ ਕੱਲ੍ਹ ਬਹੁਤ ਸਾਰੇ ਲੋਕ ਇੱਕੋ ਸਮੇਂ ਕਈ ਤਰ੍ਹਾਂ ਦਾ ਇਲਾਜ ਲੈਂਦੇ ਹਨ। ਜਿਵੇਂ ਕੋਈ ਵਿਅਕਤੀ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਐਲੋਪੈਥਿਕ ਦਵਾਈ ਲੈ ਰਿਹਾ ਹੋਵੇ ਅਤੇ ਨਾਲ ਹੀ ਆਯੁਰਵੈਦਿਕ ਚੂਰਨ ਜਾਂ ਘਰੇਲੂ ਨੁਸਖਾ ਵੀ ਵਰਤ ਰਿਹਾ ਹੋਵੇ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਆਯੁਰਵੈਦਿਕ ਜਾਂ ਘਰੇਲੂ ਚੀਜ਼ਾਂ ਕੁਦਰਤੀ ਹੁੰਦੀਆਂ ਹਨ, ਇਸ ਲਈ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸੋਚ ਸਹੀ ਨਹੀਂ ਹੈ, ਕਿਉਂਕਿ ਦੋ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਇਕੱਠੀਆਂ ਲੈਣ ਨਾਲ ਸਰੀਰ ਵਿੱਚ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।
ਕੀ ਹੈ ਇਹ ਸਮੱਸਿਆ?
ਜਦੋਂ ਕੋਈ ਵਿਅਕਤੀ ਡਾਕਟਰ ਵੱਲੋਂ ਦਿੱਤੀ ਦਵਾਈ ਦੇ ਨਾਲ-ਨਾਲ ਆਯੁਰਵੈਦਿਕ, ਹੋਮਿਓਪੈਥਿਕ ਜਾਂ ਘਰੇਲੂ ਨੁਸਖੇ ਵੀ ਲੈਂਦਾ ਹੈ ਪਰ ਇਸ ਬਾਰੇ ਕਿਸੇ ਵੀ ਡਾਕਟਰ ਨੂੰ ਜਾਣਕਾਰੀ ਨਹੀਂ ਦਿੰਦਾ, ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ। ਕਈ ਵਾਰ ਵਿਅਕਤੀ ਇੱਕ ਡਾਕਟਰ ਤੋਂ ਦਵਾਈ ਲੈਂਦਾ ਹੈ ਅਤੇ ਦੂਜੇ ਪਾਸੇ ਕਿਸੇ ਹੋਰ ਵੈਦ ਜਾਂ ਹੋਮਿਓਪੈਥ ਤੋਂ ਵੀ ਇਲਾਜ ਕਰਵਾਉਂਦਾ ਹੈ, ਪਰ ਦੋਵਾਂ ਨੂੰ ਇੱਕ-ਦੂਜੇ ਦੇ ਇਲਾਜ ਬਾਰੇ ਨਹੀਂ ਦੱਸਦਾ।
ਇਸ ਕਾਰਨ ਡਾਕਟਰ ਲਈ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਸਿਹਤ ਵਿੱਚ ਜੋ ਬਦਲਾਅ ਆ ਰਿਹਾ ਹੈ, ਉਹ ਬਿਮਾਰੀ ਕਾਰਨ ਹੈ, ਦਵਾਈ ਕਾਰਨ ਹੈ ਜਾਂ ਦੋਵਾਂ ਦਵਾਈਆਂ ਦੇ ਇਕੱਠੇ ਲੈਣ ਕਾਰਨ।
ਕੁਦਰਤੀ ਚੀਜ਼ਾਂ ਵੀ ਕਰ ਸਕਦੀਆਂ ਹਨ ਨੁਕਸਾਨ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਆਯੁਰਵੈਦਿਕ ਜਾਂ ਹਰਬਲ ਚੀਜ਼ਾਂ ਕੁਦਰਤੀ ਹੁੰਦੀਆਂ ਹਨ, ਇਸ ਲਈ ਸੁਰੱਖਿਅਤ ਹਨ ਪਰ ਇਨ੍ਹਾਂ ਵਿੱਚ ਵੀ ਅਜਿਹੇ ਤੱਤ ਹੁੰਦੇ ਹਨ ,ਜੋ ਸਰੀਰ 'ਤੇ ਅਸਰ ਪਾ ਸਕਦੇ ਹਨ।ਕੁਝ ਹਰਬਲ ਚੀਜ਼ਾਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਨਾਲ ਮਿਲ ਕੇ ਖੂਨ ਵਗਣ ਦਾ ਖਤਰਾ ਵਧਾ ਸਕਦੀਆਂ ਹਨ।
ਕੁਝ ਚੀਜ਼ਾਂ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਦੀਆਂ ਦਵਾਈਆਂ ਦਾ ਅਸਰ ਘਟਾ ਸਕਦੀਆਂ ਹਨ, ਜਿਸ ਕਾਰਨ ਬਿਮਾਰੀ ਕੰਟਰੋਲ ਵਿੱਚ ਨਹੀਂ ਰਹਿੰਦੀ। ਕਈ ਵਾਰ ਇਸਦਾ ਉਲਟ ਵੀ ਹੋ ਸਕਦਾ ਹੈ, ਯਾਨੀ ਦਵਾਈ ਦਾ ਅਸਰ ਬਹੁਤ ਜ਼ਿਆਦਾ ਵਧ ਜਾਵੇ, ਜਿਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਲਿਵਰ 'ਤੇ ਵੀ ਪੈ ਸਕਦਾ ਹੈ ਅਸਰ
ਸਾਡੇ ਸਰੀਰ ਵਿੱਚ ਦਵਾਈਆਂ ਨੂੰ ਪ੍ਰੋਸੈਸ ਕਰਨ ਦਾ ਕੰਮ ਲਿਵਰ ਕਰਦਾ ਹੈ। ਕੁਝ ਹਰਬਲ ਚੀਜ਼ਾਂ ਇਸ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦੀਆਂ ਹਨ। ਜੇਕਰ ਦਵਾਈ ਸਰੀਰ ਵਿੱਚ ਜ਼ਿਆਦਾ ਸਮੇਂ ਤੱਕ ਰਹਿ ਜਾਵੇ ਤਾਂ ਨੁਕਸਾਨ ਹੋ ਸਕਦਾ ਹੈ। ਉੱਥੇ ਹੀ ਜੇਕਰ ਦਵਾਈ ਬਹੁਤ ਜਲਦੀ ਸਰੀਰ ਵਿੱਚੋਂ ਬਾਹਰ ਨਿਕਲ ਜਾਵੇ ਤਾਂ ਉਸਦਾ ਪੂਰਾ ਫਾਇਦਾ ਨਹੀਂ ਮਿਲਦਾ। ਇਸੇ ਕਾਰਨ ਕਈ ਵਾਰ ਮਰੀਜ਼ ਸਹੀ ਤਰੀਕੇ ਨਾਲ ਦਵਾਈ ਲੈ ਰਿਹਾ ਹੁੰਦਾ ਹੈ, ਫਿਰ ਵੀ ਉਸਦੀ ਬਿਮਾਰੀ ਕੰਟਰੋਲ ਵਿੱਚ ਨਹੀਂ ਆਉਂਦੀ।
ਲੋਕ ਡਾਕਟਰ ਨੂੰ ਕਿਉਂ ਨਹੀਂ ਦੱਸਦੇ?
ਬਹੁਤ ਸਾਰੇ ਲੋਕ ਹਰਬਲ ਚੀਜ਼ਾਂ ਜਾਂ ਘਰੇਲੂ ਨੁਸਖਿਆਂ ਨੂੰ "ਦਵਾਈ" ਹੀ ਨਹੀਂ ਮੰਨਦੇ, ਇਸ ਲਈ ਉਹ ਡਾਕਟਰ ਨੂੰ ਇਨ੍ਹਾਂ ਬਾਰੇ ਦੱਸਦੇ ਹੀ ਨਹੀਂ। ਇਸ ਤੋਂ ਇਲਾਵਾ ਇੱਕ ਹੋਰ ਸਮੱਸਿਆ ਇਹ ਹੈ ਕਿ ਬਾਜ਼ਾਰ ਵਿੱਚ ਮਿਲਣ ਵਾਲੀਆਂ ਹਰਬਲ ਚੀਜ਼ਾਂ ਦੀ ਗੁਣਵੱਤਾ ਅਤੇ ਮਾਤਰਾ ਹਮੇਸ਼ਾ ਇੱਕੋ ਜਿਹੀ ਨਹੀਂ ਹੁੰਦੀ। ਇੱਕੋ ਨਾਮ ਵਾਲੀ ਚੀਜ਼ ਵੱਖ-ਵੱਖ ਕੰਪਨੀਆਂ ਤੋਂ ਵੱਖਰੇ ਤਰੀਕੇ ਨਾਲ ਮਿਲ ਸਕਦੀ ਹੈ। ਇਸ ਕਾਰਨ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਸਰੀਰ ਵਿੱਚ ਦਵਾਈ ਨਾਲ ਮਿਲ ਕੇ ਕਿਹੋ ਜਿਹਾ ਅਸਰ ਕਰੇਗੀ।
ਕਿਨ੍ਹਾਂ ਲੋਕਾਂ ਨੂੰ ਰੱਖਣਾ ਚਾਹੀਦਾ ਹੈ ਜ਼ਿਆਦਾ ਧਿਆਨ?
ਜੋ ਲੋਕ ਖੂਨ ਪਤਲਾ ਕਰਨ ਵਾਲੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਖਾਸ ਤੌਰ 'ਤੇ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਜਾਂ ਮਿਰਗੀ ਵਰਗੀ ਬਿਮਾਰੀ ਹੈ ਅਤੇ ਉਹ ਲੰਬੇ ਸਮੇਂ ਤੋਂ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਕਈ ਵਾਰ ਲੋਕ ਕਿਸੇ ਹੋਰ ਕਾਰਨ ਕਰਕੇ ਹਰਬਲ ਚੀਜ਼ ਲੈਣੀ ਸ਼ੁਰੂ ਕਰ ਦਿੰਦੇ ਹਨ ਅਤੇ ਮਹੀਨਿਆਂ ਤੱਕ ਇਸਦੀ ਵਰਤੋਂ ਕਰਦੇ ਰਹਿੰਦੇ ਹਨ, ਬਿਨਾਂ ਇਹ ਜਾਣੇ ਕਿ ਇਸਦਾ ਉਨ੍ਹਾਂ ਦੀ ਮੁੱਖ ਦਵਾਈ 'ਤੇ ਅਸਰ ਪੈ ਰਿਹਾ ਹੈ। ਇਸ ਲਈ ਕੋਈ ਵੀ ਆਯੁਰਵੈਦਿਕ, ਹਰਬਲ, ਹੋਮਿਓਪੈਥਿਕ ਦਵਾਈ ਜਾਂ ਘਰੇਲੂ ਨੁਸਖਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਇਸ ਬਾਰੇ ਜ਼ਰੂਰ ਦੱਸੋ।