Post Meal Sleepiness : ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਅੱਖਾਂ ਭਾਰੀ ਹੋਣ ਲੱਗਦੀਆਂ ਹਨ ਅਤੇ ਕੰਮ ਕਰਨ ਨੂੰ ਮਨ ਨਹੀਂ ਕਰਦਾ। ਕਈ ਲੋਕਾਂ ਨੂੰ ਖਾਣਾ ਖਾਣ ਤੋਂ ਕੁਝ ਸਮੇਂ ਬਾਅਦ ਸੁਸਤੀ ਮਹਿਸੂਸ ਹੁੰਦੀ ਹੈ। ਇਸਨੂੰ ਆਮ ਤੌਰ ’ਤੇ ਖਾਣਾ ਖਾਣ ਤੋਂ ਬਾਅਦ ਆਉਣ ਵਾਲੀ ਨੀਂਦ ਕਿਹਾ ਜਾਂਦਾ ਹੈ। ਇਹ ਹਮੇਸ਼ਾ ਕਿਸੇ ਬਿਮਾਰੀ ਦੀ ਨਿਸ਼ਾਨੀ ਨਹੀਂ ਹੁੰਦੀ। ਸਰੀਰ ਦੀ ਕੁਦਰਤੀ ਘੜੀ, ਖਾਣੇ ਦੀ ਮਾਤਰਾ ਅਤੇ ਖਾਣੇ ਵਿੱਚ ਮੌਜੂਦ ਚੀਜ਼ਾਂ ਇਸਦੇ ਪਿੱਛੇ ਭੂਮਿਕਾ ਨਿਭਾ ਸਕਦੀਆਂ ਹਨ।
ਦੁਪਹਿਰ ਨੂੰ ਨੀਂਦ ਕਿਉਂ ਆਉਂਦੀ ਹੈ?
ਦੁਪਹਿਰ ਦੇ ਸਮੇਂ ਸਰੀਰ ਦੀ 24 ਘੰਟਿਆਂ ਵਾਲੀ ਕੁਦਰਤੀ ਘੜੀ ਵਿੱਚ ਅਜਿਹਾ ਬਦਲਾਅ ਆਉਂਦਾ ਹੈ, ਜਿਸ ਕਾਰਨ ਜਾਗਦੇ ਰਹਿਣ ਦਾ ਸੰਕੇਤ ਕੁਝ ਘੱਟ ਹੋ ਜਾਂਦਾ ਹੈ। ਇਸੇ ਕਰਕੇ ਖਾਣਾ ਨਾ ਖਾਣ ਦੇ ਬਾਵਜੂਦ ਵੀ ਕਈ ਲੋਕਾਂ ਨੂੰ ਦੁਪਹਿਰ ਵੇਲੇ ਸੁਸਤੀ ਮਹਿਸੂਸ ਹੋ ਸਕਦੀ ਹੈ। ਖਾਣਾ ਖਾਣ ਤੋਂ ਬਾਅਦ ਇਹ ਅਸਰ ਹੋਰ ਜ਼ਿਆਦਾ ਮਹਿਸੂਸ ਹੋ ਸਕਦਾ ਹੈ।
ਖਾਣੇ ਤੋਂ ਬਾਅਦ ਸੁਸਤੀ ਕਿਉਂ ਵਧ ਜਾਂਦੀ ਹੈ?
ਜੇ ਦੁਪਹਿਰ ਦਾ ਖਾਣਾ ਬਹੁਤ ਜ਼ਿਆਦਾ ਜਾਂ ਭਾਰੀ ਹੋਵੇ ਤਾਂ ਖਾਣੇ ਤੋਂ ਬਾਅਦ ਨੀਂਦ ਅਤੇ ਸੁਸਤੀ ਵਧੇਰੇ ਮਹਿਸੂਸ ਹੋ ਸਕਦੀ ਹੈ। ਖਾਸ ਕਰਕੇ ਬਹੁਤ ਜ਼ਿਆਦਾ ਕੈਲੋਰੀ ਵਾਲਾ, ਤਲਿਆ-ਭੁੰਨਿਆ ਖਾਣਾ ਜਾਂ ਜ਼ਿਆਦਾ ਮਿੱਠੀਆਂ ਚੀਜ਼ਾਂ ਅਤੇ ਮੈਦੇ ਵਾਲੇ ਪਦਾਰਥ ਇਹ ਅਸਰ ਵਧਾ ਸਕਦੇ ਹਨ।
ਖਾਣਾ ਖਾਣ ਤੋਂ ਬਾਅਦ ਸਰੀਰ ਵਿੱਚ ਪਚਣ ਨਾਲ ਜੁੜੀਆਂ ਕਈ ਪ੍ਰਕਿਰਿਆਵਾਂ ਹੁੰਦੀਆਂ ਹਨ। ਖੂਨ ਵਿੱਚ ਗਲੂਕੋਜ਼ ਅਤੇ ਹੋਰ ਪੋਸ਼ਕ ਤੱਤਾਂ ਦੇ ਪੱਧਰ ਵਿੱਚ ਬਦਲਾਅ ਅਤੇ ਦਿਮਾਗ ਦੇ ਜਾਗਣ ਨਾਲ ਜੁੜੇ ਸੰਕੇਤਾਂ ਵਿੱਚ ਤਬਦੀਲੀ ਮਿਲ ਕੇ ਨੀਂਦ ਵਰਗਾ ਅਹਿਸਾਸ ਪੈਦਾ ਕਰ ਸਕਦੀ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਸਾਰਾ ਖੂਨ ਪੇਟ ਵੱਲ ਚਲਾ ਜਾਂਦਾ ਹੈ ਅਤੇ ਇਸ ਕਾਰਨ ਦਿਮਾਗ ਤੱਕ ਖੂਨ ਘੱਟ ਪਹੁੰਚਦਾ ਹੈ, ਜਿਸ ਨਾਲ ਨੀਂਦ ਆਉਂਦੀ ਹੈ ਪਰ ਇਸਨੂੰ ਇਸ ਘਟਨਾ ਦੀ ਸਹੀ ਅਤੇ ਪੂਰੀ ਵਜ੍ਹਾ ਨਹੀਂ ਮੰਨਿਆ ਜਾਂਦਾ। ਖਾਣੇ ਤੋਂ ਬਾਅਦ ਆਉਣ ਵਾਲੀ ਸੁਸਤੀ ਕਈ ਸਰੀਰਕ ਪ੍ਰਕਿਰਿਆਵਾਂ ਦੇ ਮਿਲੇ-ਜੁਲੇ ਅਸਰ ਕਾਰਨ ਹੁੰਦੀ ਹੈ।
ਦੁਪਹਿਰ ਨੂੰ ਅਸਰ ਜ਼ਿਆਦਾ ਕਿਉਂ ਹੁੰਦਾ ਹੈ?
ਜੇ ਰਾਤ ਨੂੰ ਨੀਂਦ ਪੂਰੀ ਨਹੀਂ ਹੋਈ ਹੈ ਤਾਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸੁਸਤੀ ਹੋਰ ਜ਼ਿਆਦਾ ਮਹਿਸੂਸ ਹੋ ਸਕਦੀ ਹੈ। ਲੰਬੇ ਸਮੇਂ ਤੱਕ ਜਾਗਦੇ ਰਹਿਣ ਨਾਲ ਸਰੀਰ ਦੀ ਨੀਂਦ ਦੀ ਲੋੜ ਵਧਦੀ ਜਾਂਦੀ ਹੈ। ਇਸ ਲਈ ਦਿਨ ਦੌਰਾਨ ਚੁਸਤ ਅਤੇ ਸਤਿਕ ਰਹਿਣ ਲਈ ਪੂਰੀ ਅਤੇ ਚੰਗੀ ਨੀਂਦ ਲੈਣਾ ਵੀ ਜ਼ਰੂਰੀ ਹੈ।
ਖਾਣੇ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ?
ਬਹੁਤ ਭਾਰੀ ਖਾਣਾ ਖਾਣ ਦੀ ਬਜਾਏ ਸੰਤੁਲਿਤ ਅਤੇ ਲੋੜ ਅਨੁਸਾਰ ਖਾਣਾ ਖਾਓ।ਖਾਣਾ ਖਾਣ ਤੋਂ ਬਾਅਦ ਕੁਝ ਸਮੇਂ ਲਈ ਹਲਕੀ ਚਾਲ ਨਾਲ ਤੁਰਨਾ ਸੁਸਤੀ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਪਾਣੀ ਪੀਣਾ ਜ਼ਰੂਰੀ ਹੈ।ਰਾਤ ਨੂੰ ਪੂਰੀ ਅਤੇ ਚੰਗੀ ਨੀਂਦ ਲਓ।
ਜੇ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਨੀਂਦ, ਚੱਕਰ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾਂ ਇਹ ਸਮੱਸਿਆ ਰੋਜ਼ਾਨਾ ਦੇ ਕੰਮਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਡਾਕਟਰ ਨਾਲ ਸਲਾਹ ਕਰਨਾ ਬਿਹਤਰ ਹੈ। ਕਈ ਵਾਰ ਲਗਾਤਾਰ ਜ਼ਿਆਦਾ ਨੀਂਦ ਆਉਣਾ ਨੀਂਦ ਨਾਲ ਜੁੜੀ ਸਮੱਸਿਆ, ਖੂਨ ਦੀ ਕਮੀ, ਥਾਇਰਾਇਡ ਜਾਂ ਬਲੱਡ ਸ਼ੂਗਰ ਨਾਲ ਜੁੜੀ ਪਰੇਸ਼ਾਨੀ ਨਾਲ ਵੀ ਦੇਖਿਆ ਜਾ ਸਕਦਾ ਹੈ।