ਨਵੀਂ ਦਿੱਲੀ : ਗਰਮੀ ਦੇ ਮੌਸਮ ਦੇ ਆਖਰੀ ਪੜਾਅ 'ਚ ਮੀਂਹ ਦਸਤਕ ਦੇ ਰਿਹਾ ਹੈ। ਇਸ ਕਾਰਨ ਲੂ ਦੀ ਲਪੇਚ 'ਚ ਆਉਣ ਦਾ ਖਤਰਾ ਤਾਂ ਘੱਟ ਗਿਆ ਹੈ ਪਰ ਇਨ੍ਹਾਂ ਨਵੇਂ ਖ਼ਤਰਿਆਂ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਗਰਮੀਆਂ ਅਤੇ ਬਰਸਾਤ ਦੇ ਮੌਸਮ 'ਚ ਫੈਲਣ ਵਾਲੀ ਆਮ ਬਿਮਾਰੀ ਡੇਂਗੂ-ਮਲੇਰੀਆ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਨ੍ਹਾਂ ਬੀਮਾਰੀਆਂ ਦੇ ਆਮ ਹੋਣ ਕਾਰਨ ਲੋਕ ਹਮੇਸ਼ਾ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਕਈ ਵਾਰ ਇਹ ਬੀਮਾਰੀਆਂ ਮੌਤ ਦਾ ਕਾਰਨ ਬਣ ਜਾਂਦੀਆਂ ਹਨ। ਇਸ ਲਈ ਜਾਣ ਲਓ ਇਨ੍ਹਾਂ ਤੋਂ ਬਚਣ ਦੇ ਤਰੀਕੇ -
ਪਿਛਲੇ ਦਿਨਾਂ 'ਚ ਵਧੇ ਕੇਸ
ਦਿੱਲੀ 'ਚ ਡੇਂਗੂ ਦੇ ਮਾਮਲੇ ਵਧਦੇ ਜਾ ਰਹੇ ਹਨ। MCD ਨੇ ਡੇਂਗੂ ਦੇ ਮਾਮਲਿਆਂ 'ਤੇ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ 1 ਜਨਵਰੀ 2022 ਤੋਂ 28 ਮਈ 2022 ਤੱਕ ਡੇਂਗੂ ਦੇ 111 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਦੌਰਾਨ ਮਲੇਰੀਆ ਦੇ 18 ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਡੇਂਗੂ-ਮਲੇਰੀਆ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਡੇਂਗੂ ਕਿਵੇਂ ਹੁੰਦਾ ਹੈ?
ਡੇਂਗੂ ਮਾਦਾ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਗੰਦਗੀ 'ਚ ਨਹੀਂ, ਸਗੋਂ ਸਾਫ਼ ਥਾਵਾਂ 'ਚ ਪੈਦਾ ਹੁੰਦੇ ਹਨ। ਸ਼ਹਿਰਾਂ 'ਚ ਸਾਫ਼-ਸੁਥਰੀਆਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਡੇਂਗੂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਬਿਮਾਰੀ 'ਚ ਸਿਰਦਰਦ, ਮਾਸਪੇਸ਼ੀਆਂ ਅਤੇ ਹੱਡੀਆਂ 'ਚ ਦਰਦ, ਠੰਢ ਨਾਲ ਬੁਖਾਰ, ਜੀਅ ਕੱਚਾ ਹੋਣਾ, ਉਲਟੀਆਂ, ਅੱਖਾਂ ਦੇ ਪਿੱਛੇ ਦਰਦ, ਚਮੜੀ 'ਤੇ ਧੱਫੜ ਅਤੇ ਮੂੰਹ 'ਚ ਬਦਬੂ ਆਉਣਾ ਆਮ ਗੱਲ ਹੈ। ਜੇਕਰ ਤੁਹਾਨੂੰ ਅਜਿਹੇ ਲੱਛਣ ਹਨ ਤਾਂ ਡਾਕਟਰ ਨੂੰ ਮਿਲੋ।
ਬਚਣ ਦੇ ਤਰੀਕੇ
- ਘਰ ਦੇ ਅੰਦਰ ਅਤੇ ਬਾਹਰ ਪਾਣੀ ਇਕੱਠਾ ਨਾ ਹੋਣ ਦਿਓ।
- ਪਾਲਤੂ ਜਾਨਵਰਾਂ ਨੂੰ ਪਾਣੀ ਪਿਲਾਉਣ ਵਾਲੇ ਭਾਂਡਿਆਂ ਨੂੰ ਸਾਫ਼ ਰੱਖੋ।
- ਪਾਣੀ ਦੀ ਟੈਂਕੀ ਨੂੰ ਚੰਗੀ ਤਰ੍ਹਾਂ ਢੱਕੋ।
- ਹਫ਼ਤੇ 'ਚ ਇੱਕ ਵਾਰ ਕੂਲਰ ਅਤੇ ਪਾਣੀ ਦੀ ਟੈਂਕੀ 'ਚ ਪੈਟਰੋਲ ਜਾਂ ਮਿੱਟੀ ਦਾ ਤੇਲ ਪਾਓ।
- ਫਰਿੱਜ ਦੇ ਹੇਠਾਂ ਰੱਖੀ ਪਾਣੀ ਦੀ ਟਰੇ ਨੂੰ ਰੋਜ਼ਾਨਾ ਖਾਲੀ ਕਰੋ।
ਮਲੇਰੀਆ ਕਿਵੇਂ ਹੁੰਦਾ ਹੈ?
ਮਲੇਰੀਆ ਮਾਦਾ ਐਨੋਫਿਲੀਜ਼ ਮੱਛਰ ਜਦੋਂ ਸਿਹਤਮੰਦ ਵਿਅਕਤੀ ਨੂੰ ਕੱਟਦਾ ਹੈ ਤਾਂ ਮਲੇਰੀਆ ਹੋ ਜਾਂਦਾ ਹੈ। ਇਹ ਮੱਛਰ ਗੰਦੇ ਅਤੇ ਸਾਫ਼ ਪਾਣੀ 'ਚ ਪੈਦਾ ਹੁੰਦੇ ਹਨ। ਜੇਕਰ ਸੰਕਰਮਿਤ ਮਾਦਾ ਮੱਛਰ ਅੰਡੇ ਦਿੰਦੀ ਹੈ ਤਾਂ ਉਨ੍ਹਾਂ ਦੇ ਅੰਡੇ ਵੀ ਸੰਕਰਮਿਤ ਹੁੰਦੇ ਹਨ। ਇਸ ਕਾਰਨ ਸਬੰਧਤ ਵਿਅਕਤੀ ਨੂੰ 14 ਤੋਂ 21 ਦਿਨਾਂ ਦੇ ਅੰਦਰ ਬੁਖਾਰ ਹੋ ਜਾਂਦਾ ਹੈ। ਇਸ ਦੇ ਵੀ ਡੇਂਗੂ ਵਰਗੇ ਹੀ ਲੱਛਣ ਹਨ। ਕਈ ਵਾਰ ਮਲੇਰੀਆ ਕਾਰਨ ਠੰਢ ਦੇ ਨਾਲ ਬੁਖਾਰ ਵੀ ਹੋ ਜਾਂਦਾ ਹੈ।
ਇਹ ਹਨ ਬਚਾਅ ਦੇ ਉਪਾਅ
- ਘਰ ਦੇ ਬਾਹਰ ਜਾਂ ਆਲੇ ਦੁਆਲੇ ਟੋਏ 'ਚ ਪਾਣੀ ਇਕੱਠਾ ਨਾ ਹੋਣ ਦਿਓ।
- ਜੇਕਰ ਟੋਏ ਵਿੱਚੋਂ ਪਾਣੀ ਕੱਢਣਾ ਸੰਭਵ ਨਾ ਹੋਵੇ ਤਾਂ ਉਸ ਵਿੱਚ ਮਿੱਟੀ ਦਾ ਤੇਲ ਪਾ ਦਿਓ।
- ਪਾਣੀ ਦੀ ਟੈਂਕੀ, ਮਟਕੇ ਜਾਂ ਬਾਲਟੀ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
- ਕੂਲਰ ਦਾ ਪਾਣੀ ਤਿੰਨ-ਚਾਰ ਦਿਨਾਂ 'ਚ ਬਦਲੋ।
- ਜੇਕਰ ਪਾਣੀ 'ਚ ਛੋਟੇ ਕੀੜੇ (ਲਾਰਵੇ) ਨਜ਼ਰ ਆਉਣ ਤਾਂ ਪਾਣੀ ਨੂੰ ਸੁੱਕੀ ਥਾਂ 'ਤੇ ਖਿਲਾਰ ਦਿਓ।