ਚੰਡੀਗੜ੍ਹ: 2019 ਦੀਆਂ ਲੋਕ ਸਭਾ ਚੋਣਾਂ ਸਿਰ ’ਤੇ ਹਨ ਤੇ ਉੱਧਰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਹੋ ਗਿਆ ਹੈ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦਰਅਸਲ ਨਮੀ ਦੇ ਮੌਸਮ ਵਿੱਚ ਵਾਇਰਸ ਸਰਗਰਮ ਹੋ ਜਾਂਦੇ ਹਨ। ਜਿਸ ਵਜ੍ਹਾ ਕਰਕੇ ਸਵਾਈਨ ਫਲੂ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਅੱਜ ਸਵਾਈਨ ਫਲੂ ਦੇ ਲੱਛਣ ਤੇ ਬਚਾਅ ਦੇ ਉਪਾਅ ਬਾਰੇ ਵਿਚਾਰ ਦੱਸਾਂਗੇ।
ਕੀ ਹੁੰਦਾ ਹੈ ਸਵਾਈਨ ਫਲੂ?
ਸਵਾਈਨ ਫਲੂ ਨੂੰ H1N1 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਤਰ੍ਹਾਂ ਦੀ ਲਾਗ ਹੈ ਜੋ ਇਨਫਲੂਐਂਜ਼ਾ ਤੇ ਵਾਇਰਸ ਕਰਕੇ ਫੈਲਦੀ ਹੈ। ਇਹ ਵਾਇਰਸ ਜ਼ਿਆਦਾਤਰ ਸੂਰਾਂ ਵਿੱਚ ਪਾਇਆ ਜਾਂਦਾ ਹੇ ਤੇ ਇਨ੍ਹਾਂ ਤੋਂ ਹੀ ਇਨਸਾਨਾਂ ਵਿੱਚ ਫੈਲਦਾ ਹੈ। ਇਨਸਾਨਾਂ ਵਿੱਚ ਇੱਕ-ਦੂਜੇ ਤੋਂ ਬਹੁਤ ਜਲਦੀ ਫੈਲਦਾ ਹੈ। ਇਸ ਦੇ ਵਾਇਰਸ ਨੂੰ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਇਹ ਠੰਢ ਤੇ ਬਰਸਾਤਾਂ ਦੇ ਦਿਨਾਂ ਅੰਦਰ ਜ਼ਿਆਦਾ ਫੈਲਦਾ ਹੈ।
ਸਵਾਈ ਫਲੂ ਦਾ ਸਭ ਤੋਂ ਵੱਧ ਖ਼ਤਰਾ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਮਹਿਲਾਵਾਂ ਨੂੰ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਹੁੰਦੀ ਹੈ, ਉਹ ਤੇਜ਼ੀ ਨਾਲ ਇਸ ਵਾਇਰਸ ਦੀ ਚਪੇਟ ਵਿੱਚ ਆਉਂਦੇ ਹਨ। ਇਸ ਬਿਮਾਰੀ ਲਈ ਹਾਲੇ ਤਕ ਕੋਈ ਦਵਾਈ ਨਹੀਂ ਬਣੀ। ਇਸ ਲਈ ਠੰਢ ਤੇ ਬਰਸਾਤਾਂ ਦੇ ਮੌਸਮ ਵਿੱਚ ਇਸ ਤੋਂ ਬਚਾਅ ਕਰਨਾ ਹੋਰ ਜ਼ਰੂਰੀ ਹੋ ਜਾਂਦਾ ਹੈ।
WHO ਵੱਲੋਂ ਦਿੱਤੇ ਬਚਾਅ ਕਰਨ ਦੇ ਸੁਝਾਅ
ਸਵਾਈਨ ਫਲੂ ਤੋਂ ਬਚਣ ਲਈ ਵਿਸ਼ਵ ਸਿਹਤ ਸੰਗਠਨ (WHO) ਨੇ ਫਲੂ ਦੇ ਸੀਜ਼ਨ ਵਿੱਚ ਜ਼ਿਆਦਾ ਭੀੜ ਵਾਲੀ ਥਾਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਭੀੜ ਵਾਲੀ ਥਾਂ ’ਤੇ ਕਿਸੇ ਦੀ ਛਿੱਕ ਦੇ ਕਣਾਂ ਨਾਲ ਬਿਮਾਰੀ ਦੀ ਲਾਗ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ। ਹੱਥਾਂ ਤੋਂ ਵੀ ਵਾਇਰਸ ਫੈਲ ਸਕਦਾ ਹੈ। WHO ਨੇ ਦਾਅਵਾ ਕੀਤਾ ਹੈ ਕਿ ਦੁਨੀਆ ਵਿੱਚ ਹਰ ਸਾਲ 50 ਲੱਖ ਲੋਕ ਫਲੂ ਵਰਗੇ ਰੋਗਾਂ ਨਾਲ ਬਿਮਾਰ ਹੁੰਦੇ ਹਨ ਅਤੇ ਕਰੀਬ ਢਾਈ ਤੋਂ ਪੰਜ ਲੱਖ ਲੋਕਾਂ ਦੀ ਇਸ ਬਿਮਾਰੀ ਕਰਕੇ ਮੌਤ ਹੋ ਜਾਂਦੀ ਹੈ।
ਸਵਾਈਨ ਫਲੂ ਦੇ ਲੱਛਣ
ਸਵਾਈਨ ਫਲੂ ਦੇ ਰੋਗੀ ਨੂੰ ਸਰਦੀ-ਜ਼ੁਕਾਮ ਬਣਿਆ ਰਹਿੰਦਾ ਹੈ। ਨੱਕ ਲਗਾਤਾਰ ਵਹਿੰਦੀ ਰਹਿੰਦੀ ਹੈ। ਸਰੀਰ ਦੇ ਪੱਠਿਆਂ ’ਚ ਦਰਦ ਤੇ ਅਕੜਨ ਬਣੀ ਰਹਿੰਦੀ ਹੈ। ਤੇਜ਼ ਸਿਰ ਦਰਦ ਤੇ ਲਗਾਤਾਰ ਖੰਘ ਆਉਂਦੀ ਹੈ। ਇਲਾਜ ਦੇ ਬਾਵਜੂਦ ਬੁਖ਼ਾਰ ਠੀਕ ਨਹੀਂ ਹੁੰਦਾ। ਗਲੇ ਵਿੱਚ ਖਰਾਸ਼ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਥਕਾਨ ਹੁੰਦੀ ਹੈ।
ਸਵਾਈਨ ਫਲੂ ਤੋਂ ਸਾਵਧਾਨ ਰਹਿਣਾ ਹੀ ਬਚਾਅ
ਸਵਾਈਨ ਫਲੂ ਲਈ ਹਾਲੇ ਤਕ ਕੋਈ ਵੈਕਸੀਨ ਨਹੀਂ ਬਣੀ ਪਰ ਐਂਟੀਵਾਇਰਲ ਦਵਾਈਆਂ ਨਾਲ ਇਸ ਦਾ ਬਚਾਅ ਕੀਤਾ ਜਾ ਸਕਦਾ ਹੈ। ਇਸ ਬਿਮਾਰੀ ਦੇ ਲੱਛਣ ਦਿੱਸਣ ’ਤੇ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਬਿਮਾਰੀ ਤੋਂ ਬਚਣ ਲਈ ਨਮੀ ਵਾਲੇ ਮੌਸਮ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਜੇ ਬਿਮਾਰ ਹੋ ਗਏ ਤਾਂ ਧਿਆਨ ਰੱਖੋ ਕਿ ਇਹ ਤੁਹਾਡੇ ਤੋਂ ਕਿਸੇ ਹੋਰ ਨੂੰ ਨਾ ਲੱਗੇ।