ਨਵੀਂ ਦਿੱਲੀ-ਕੇਂਦਰ ਸਰਕਾਰ ਦੀਆਂ ਜਿਹੜੀ ਮਹਿਲਾ ਮੁਲਾਜ਼ਮ ਮੁੱਲ ਦੀ ਕੁੱਖ ਨਾਲ ਮਾਵਾਂ ਬਣੀਆਂ ਹਨ, ਹੁਣ ਉਹ ਵੀ ਪ੍ਰਸੂਤਾ ਛੁੱਟੀ ਲੈਣ ਦੀਆਂ ਹੱਕਦਾਰ ਹੋਣਗੀਆਂ।


ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇਕ ਅਧਿਕਾਰਤ ਹੁਕਮ ਮੁਤਾਬਕ ਅਜਿਹੀਆਂ ਮਹਿਲਾਵਾਂ ਨੂੰ ਹੁਣ 26 ਹਫ਼ਤਿਆਂ (ਲਗਪਗ 180 ਦਿਨ) ਦੀ ਪ੍ਰਸੂਤਾ ਛੁੱਟੀ ਮਿਲੇਗੀ, ਜਿਸ ਦਾ ਭੁਗਤਾਨ ਕੀਤਾ ਜਾਵੇਗਾ। ਮੰਤਰਾਲੇ ਨੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਜਾਰੀ ਆਪਣੇ ਹੁਕਮਾਂ ’ਚ ਦਿੱਲੀ ਹਾਈ ਕੋਰਟ ਵੱਲੋਂ ਸਾਲ 2015 ਵਿੱਚ ਦਿੱਤੇ ਇਕ ਫ਼ੈਸਲੇ ਦਾ ਹਵਾਲਾ ਦਿੱਤਾ ਹੈ।

ਕੇਂਦਰੀ ਵਿਦਿਆਲਾ ਦੀ ਇਕ ਅਧਿਆਪਕਾ, ਜਿਸ ਕੋਲ ਮੁੱਲ ਦੀ ਕੁੱਖ ਰਾਹੀਂ ਜੌੜੇ ਬੱਚੇ ਸਨ, ਨੂੰ ਇਹ ਕਹਿ ਕੇ ਪ੍ਰਸੂਤਾ ਛੁੱਟੀ ਦਾ ਲਾਭ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ ਕਿ ਉਸ ਨੇ ਖ਼ੁਦ ਬੱਚਿਆਂ ਨੂੰ ਜਨਮ ਨਹੀਂ ਦਿੱਤਾ। ਮਗਰੋਂ ਇਸ ਅਧਿਆਪਕਾ ਦੀ ਅਪੀਲ ’ਤੇ ਹਾਈ ਕੋਰਟ ਨੇ ਆਪਣੇ ਫੈਸਲੇ ’ਚ ਮੁੱਲ ਦੀ ਕੁੱਖ ਨਾਲ ਮਾਵਾਂ ਬਣੀਆਂ ਮਹਿਲਾਵਾਂ ਨੂੰ ਪ੍ਰਸੂਤਾ ਛੁੱਟੀ ਦਾ ਹੱਕਦਾਰ ਦੱਸਿਆ ਸੀ।